ਸੰਤੋਖ ਗਿੱਲ
ਗੁਰੂਸਰ ਸੁਧਾਰ, ਮੁੱਲਾਂਪੁਰ, 29 ਅਗਸਤ
ਸਯੁੰਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਸੱਦੇ ’ਤੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਵੱਲੋਂ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਅਗਵਾਈ ਹੇਠ ਮੁੱਲਾਂਪੁਰ ਇਲਾਕੇ ਦੇ ਪਿੰਡਾਂ ਵਿੱਚ ਰੈਲੀਆਂ ਜਾਰੀ ਹਨ। ਦਿਨ ਭਰ ਮੀਂਹ ਦੇ ਬਾਵਜੂਦ ਪਿੰਡ ਪੰਡੋਰੀ, ਮੰਡਿਆਣੀ, ਖੰਜ਼ਰਵਾਲ, ਈਸੇਵਾਲ ਅਤੇ ਪਿੰਡ ਮੁੱਲਾਂਪੁਰ ਵਿਚ ਹੋਈਆਂ ਰੈਲੀਆਂ ਵਿੱਚ ਕਿਸਾਨਾਂ-ਮਜ਼ਦੂਰਾਂ ਅਤੇ ਨੌਜਵਾਨਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਕਿਸਾਨ ਆਗੂ ਜਸਦੇਵ ਸਿੰਘ ਲਲਤੋਂ, ਗੁਰਮੇਲ ਸਿੰਘ ਕੁਲਾਰ, ਗੁਰਮੇਲ ਸਿੰਘ ਗੁੜ੍ਹੇ, ਜਥੇਦਾਰ ਰਣਜੀਤ ਸਿੰਘ ਗੁੜ੍ਹੇ ਅਤੇ ਹਰਦੇਵ ਸਿੰਘ ਮੁੱਲਾਂਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਸ਼ੰਭੂ ਸਮੇਤ ਸਾਰੇ ਬਾਰਡਰਾਂ ’ਤੇ ਲਾਈਆਂ ਸੜਕੀ ਰੋਕਾਂ ਖ਼ਤਮ ਕਰਨ, ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਵਾਲਾ ਕਾਨੂੰਨ ਬਣਵਾਉਣ, ਦੇਸ਼ ਭਰ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਖ਼ਤਮ ਕਰਨ, ਸਰਕਾਰੀ ਖਾਤੇ ’ਚੋਂ ਫ਼ਸਲੀ ਬੀਮਾ ਯੋਜਨਾ ਲਾਗੂ ਕਰਨ ਅਤੇ ਕਿਸਾਨਾਂ ਮਜ਼ਦੂਰਾਂ ਨੂੰ 58 ਸਾਲ ਦੀ ਉਮਰ ਵਿੱਚ ਦਸ ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦੇਣ ਸਮੇਤ 14 ਨੁਕਾਤੀ ਮੰਗ ਪੱਤਰ ਦੀ ਪੂਰਤੀ ਲਈ 31 ਅਗਸਤ ਨੂੰ ਸ਼ੰਭੂ ਸਮੇਤ ਸਾਰੇ ਬਾਰਡਰਾਂ ’ਤੇ ਮੋਰਚੇ ਦੇ 200 ਦਿਨ ਪੂਰੇ ਹੋਣ ਮੌਕੇ ਮਹਾਂ-ਰੈਲੀਆਂ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਮੁੱਲਾਂਪੁਰ ਤੋਂ ਸ਼ੰਭੂ ਬਾਰਡਰ ਨੂੰ ਰਵਾਨਾ ਹੋਣ ਵਾਲੇ ਕਾਫ਼ਲੇ ਦੀ ਵਿਉਂਤਬੰਦੀ ਕੀਤੀ ਗਈ। ਇਸ ਦੌਰਾਨ ਆਗੂਆਂ ਨੇ ਕਿਸਾਨਾਂ ਨੂੰ ਸ਼ੰਭੂ ਬਾਰਡਰ ’ਤੇ ਵੱਡੀ ਗਿਣਤੀ ਵਿੱਚ ਪੁੱਜਣ ਦੀ ਅਪੀਲ ਕੀਤੀ।