ਖੇਤਰੀ ਪ੍ਰਤੀਨਿਧ
ਲੁਧਿਆਣਾ, 31 ਮਈ
ਡੈਮਕਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਅਜਲਾਸ ਲਈ ਨਾਮਜ਼ਦ ਤਿਆਰੀ ਕਮੇਟੀ ਦੀ ਮੀਟਿੰਗ ‘ਈਸੜੂ ਭਵਨ ਲੁਧਿਆਣਾ’ ਵਿੱਚ ਜੁਗਰਾਜ ਸਿੰਘ ਟੱਲੇਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਫੈਡਰੇਸ਼ਨ ਆਗੂ ਜਰਮਨਜੀਤ ਸਿੰਘ ਨੇ ਮੁਲਾਜ਼ਮ ਮੰਗਾਂ ਨਾ ਮੰਨਣ ਕਾਰਨ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਗਈ। ਉਨ੍ਹਾਂ ਦਸਿਆ ਕਿ ਮੀਟਿੰਗ ਵਿੱਚ ਕੁਝ ਤਕਨੀਕੀ ਕਾਰਨਾਂ ਦੇ ਮੱਦੇਨਜ਼ਰ ਫੈਸਲਾ ਕੀਤਾ ਗਿਆ ਕਿ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ 3 ਜੂਨ ਨੂੰ ਹੋਣ ਜਾ ਰਿਹਾ ਡੀ.ਐਮ.ਐਫ. ਦਾ ਸੂਬਾਈ ਡੈਲੀਗੇਟ ਇਜਲਾਸ ਹੁਣ 27 ਜੂਨ ਨੂੰ ਹੋਵੇਗਾ। ਮੀਟਿੰਗ ਵਿੱਚ ‘ਬਾਬਾ ਬੰਦਾ ਸਿੰਘ ਬਹਾਦਰ’ ਜੀ ਦੇ ਸ਼ਹੀਦੀ ਦਿਹਾੜੇ ‘ਤੇ ਦਿੱਲੀ ਦੇ ਕਿਸਾਨ ਅੰਦੋਲਨ ਵਿੱਚ ਡੀਐੱਮਐੱਫ ਦੇ 400 ਵਰਕਰਾਂ ਨੂੰ ਨਾਲ ਲੈ ਕੇ 9 ਜੂਨ ਨੂੰ ਸਿੰਘੂ ਬਾਰਡਰ ਅਤੇ 10 ਜੂਨ ਨੂੰ ਟਿਕਰੀ ਬਾਰਡਰ ਦੇ ਮੋਰਚਿਆਂ ਵਿੱਚ ਸ਼ਾਮਲ ਹੋਣ ਅਤੇ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਦੀ ਆਰਥਿਕ ਮੱਦਦ ਕਰਨ ਦੇ ਫੈਸਲੇ ਨੂੰ ਵੱਧ ਚੜ੍ਹ ਕੇ ਲਾਗੂ ਕਰਨ ਦੀ ਮੁਲਾਜ਼ਮ ਸਫਾਂ ਨੂੰ ਅਪੀਲ ਕੀਤੀ। ਇਸ ਮੌਕੇ ਵਿਕਰਮਦੇਵ ਸਿੰਘ, ਹਰਦੀਪ ਸਿੰਘ ਟੋਡਰਪੁਰ, ਰਾਜੀਵ ਬਰਨਾਲਾ, ਗੁਰਪਿਆਰ ਸਿੰਘ ਕੋਟਲੀ ਅਤੇ ਜਸਵੀਰ ਸਿੰਘ ਅਕਾਲਗੜ੍ਹ ਹਾਜ਼ਰ ਸਨ।