ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਅਗਸਤ
ਕਮਿਸ਼ਨਰੇਟ ਪੁਲੀਸ ਵੱਲੋਂ ਬਿਨਾਂ ਕਿਸੇ ਨੂੰ ਦੱਸੇ ਮੌਕ ਡਰਿੱਲ ਕੀਤੀ ਗਈ ਪਰ ਸ਼ਹਿਰ ’ਚ ਅਫ਼ਵਾਹ ਫੈਲ ਗਈ ਕਿ ਕੋਈ ਵੱਡਾ ਹਮਲਾ ਹੋਣ ਵਾਲਾ ਹੈ ਅਤੇ ਬੰਬ ਮਿਲੇ ਹਨ, ਜਿਸ ਕਾਰਨ ਲੋਕਾਂ ਵਿੱਚ ਭਾਜੜ ਪੈ ਗਈ। ਇਸ ਮਗਰੋਂ ਪੁਲੀਸ ਫੋਰਸ ਇਕੱਠੀ ਹੋਈ ਪਰ ਬਾਅਦ ’ਚ ਪਤਾ ਲੱਗਿਆ ਕਿ ਕਮਿਸ਼ਨਰੇਟ ਪੁਲੀਸ ਵੱਲੋਂ 2 ਥਾਣਿਆਂ ਵਿੱਚ ਅੱਜ ਮੌਕ ਡਰਿੱਲ ਕੀਤੀ ਗਈ ਸੀ, ਜਿਸ ’ਚ ਪੁਲੀਸ ਦੇ ਵੱਲੋਂ ਰਿਸਪਾਂਸ ਟਾਈਮ ਚੈਕ ਕੀਤਾ ਗਿਆ ਸੀ। ਇਸ ਦੌਰਾਨ ਪੁਲੀਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਵੀ ਮੌਜੂਦ ਸਨ। ਇੱਕ ਮੌਕ ਡਰਿੱਲ ਜੁਆਇੰਟ ਪੁਲੀਸ ਕਮਿਸ਼ਨਰ ਸ਼ਹਿਰੀ ਤੇ ਦੂਸਰਾ ਜੁਆਇੰਟ ਪੁਲੀਸ ਕਮਿਸ਼ਨਰ ਦਿਹਾਤੀ ਦੇ ਇਲਾਕੇ ’ਚ ਕੀਤਾ ਗਿਆ। ਇਸ ਦੌਰਾਨ ਦੋਵਾਂ ਇਲਾਕਿਆਂ ਦੇ ਸੀਨੀਅਰ ਅਧਿਕਾਰੀ ਤੇ ਸਾਰੇ ਥਾਣਿਆਂ ਦੇ ਇੰਚਾਰਜ ਮੌਜੂਦ ਸਨ।
ਸਨਅਤੀ ਸ਼ਹਿਰ ਦੇ ਥਾਣਾ ਡਵੀਜ਼ਨ ਨੰਬਰ 6 ’ਚ ਪਹਿਲਾਂ ਮੌਕ ਡਰਿੱਲ ਕੀਤੀ ਗਈ। ਇਸ ਦੌਰਾਨ ਪੁਲੀਸ ਕਮਿਸ਼ਨਰ ਡਾ. ਕੌਸਤਬ ਸ਼ਰਮਾ, ਜੁਆਇੰਟ ਸੀਪੀ ਰਵਚਰਨ ਸਿੰਘ ਬਰਾੜ, ਏਡੀਸੀਪੀ-2 ਸੋਹੇਲ ਮੀਰ ਕਾਸਿਮ ਤੇ ਹੋਰ ਅਧਿਕਾਰੀ ਮੌਜੂਦ ਰਹੇ। ਥਾਣੇ ਨੂੰ ਬਾਹਰੋਂ ਬੰਦ ਕਰ ਦਿੱਤਾ ਗਿਆ ਤੇ ਅੰਦਰ ਮੌਕ ਡਰਿੱਲ ਚੱਲਦੀ ਰਹੀ। ਥਾਣੇ ਦੇ ਆਸਪਾਸ ਦੇ ਇਲਾਕੇ ਨੂੰ ਪੁਲੀਸ ਛਾਉਣੀ ’ਚ ਤਬਦੀਲ ਕਰ ਦਿੱਤਾ ਗਿਆ, ਜਿਸ ਕਾਰਨ ਪੂਰੇ ਇਲਾਕੇ ਦੇ ਲੋਕ ਦਹਿਸ਼ਤ ’ਚ ਆ ਗਏ ਕਿ ਕੋਈ ਵੱਡੀ ਗੱਲ ਹੈ। ਮੌਕ ਡਰਿੱਲ ਤੋਂ ਬਾਅਦਪੁਲੀਸ ਕਮਿਸ਼ਨਰ ਹੈਬੋਵਾਲ ਥਾਣੇ ਪੁੱਜੇ। ਉਥੇ ਵੀ ਮੌਕ ਡਰਿੱਲ ਕੀਤੀ ਗਈ। ਸ਼ਹਿਰੀ ਇਲਾਕਾ ਹੋਣ ਕਾਰਨ ਉਥੇ ਵੀ ਦਹਿਸ਼ਤ ਫੈਲ ਗਈ ਤੇ ਲੋਕ ਘਰਾਂ ’ਚੋਂ ਬਾਹਰ ਆ ਗਏ, ਮਗਰੋਂ ਪਤਾ ਲੱਗਿਆ ਕਿ ਇਹ ਤਾਂ ਪੁਲੀਸ ਨੇ ਮੌਕ ਡਰਿੱਲ ਕੀਤੀ ਸੀ।