ਸਤਵਿੰਦਰ ਬਸਰਾ
ਲੁਧਿਆਣਾ, 31 ਅਗਸਤ
ਹਰਿਆਣਾ ਵਿੱਚ ਕਿਸਾਨਾਂ ’ਤੇ ਲਾਠੀਚਾਰਜ ਕਰਨ ਅਤੇ ਇਸ ਦੌਰਾਨ ਇੱਕ ਕਿਸਾਨ ਦੀ ਮੌਤ ਹੋ ਜਾਣ ਦੇ ਰੋਸ ਵਜੋਂ ਅੱਜ ਸੀਟੂ ਅਤੇ ਆਂਗਣਵਾੜੀ ਵਰਕਰਾਂ ਨੇ ਜ਼ਿਲ੍ਹੇ ਵਿੱਚ ਵੱਖ ਵੱਖ ਥਾਵਾਂ ’ਤੇ ਰੋਸ ਪ੍ਰਦਰਸ਼ਨ ਕਰਨ ਦੇ ਨਾਲ ਨਾਲ ਭਾਜਪਾ ਸਰਕਾਰਾਂ ਦੀਆਂ ਅਰਥੀਆਂ ਫੂਕੀਆਂ। ਇਨ੍ਹਾਂ ਰੋਸ ਪ੍ਰਦਰਸ਼ਨਾਂ ਦੀ ਅਗਵਾਈ ਤਰਸੇਮ ਜੋਧਾਂ, ਪਰਮਿੰਦਰ ਕੌਰ, ਆਰਤੀ, ਧੀਰਜ, ਬਲਵਿੰਦਰ ਕੌਰ ਅਤੇ ਹਰਜਿੰਦਰ ਕੌਰ ਨੇ ਸਾਂਝੇ ਤੌਰ ’ਤੇ ਕੀਤੀ। ਸਥਾਨਕ ਸ਼ਿਮਲਾਪੁਰੀ ਵਿੱਚ ਜ਼ਿਲ੍ਹੇ ਦੇ ਛੇ ਬਲਾਕਾਂ ਅਰਬਨ 1,2,3,4 ਅਤੇ ਰੂਰਲ ਦੀਆਂ ਆਂਗਣਵਾੜੀ ਵਰਕਰਾਂ ਨੇ ਕੌਮੀ ਸੱਦੇ ਤਹਿਤ ਅੱਜ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਆਗੂਆਂ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ’ਤੇ ਲਾਠੀਚਾਰਜ ਕਰਵਾ ਕੇ ਤਾਨਾਸ਼ਾਹੀ ਹੋਣ ਦਾ ਸਬੂਤ ਦਿੱਤਾ ਹੈ। ਕਿੰਨੇ ਦੁੱਖ ਦੀ ਗੱਲ ਹੈ ਕਿ ਹਰਿਆਣਾ ਸਰਕਾਰ ਇਸ ਨੂੰ ਅਜੇ ਵੀ ‘ਘੱਟੋ ਘੱਟ ਜ਼ਰੂਰੀ ਕਾਰਵਾਈ’ ਦੱਸਣ ਤੋਂ ਬਾਜ਼ ਨਹੀਂ ਆ ਰਹੀ। ਸੀਟੂ ਅਤੇ ਆਂਗਣਵਾੜੀ ਵਰਕਰਾਂ ਨੇ ਐੱਸਡੀਐੱਮ ਅਤੇ ਐੱਸਐੱਚਓ ਵਿਰੁੱਧ ਕਿਸਾਨ ਸੁਸ਼ੀਲ ਕਾਜਲ ਦੀ ਮੌਤ ਲਈ ਧਾਰਾ 302 ਦਾ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪੰਜਾਬ ਸਰਕਾਰ, ਭਾਜਪਾ ਆਗੂ ਹਰਜੀਤ ਗਰੇਵਾਲ ’ਤੇ ਇਸ ਘਟਨਾ ਸਬੰਧੀ ਭੜਕਾਊ ਬਿਆਨਬਾਜ਼ੀ ਕਰਨ ਵਿਰੁੱਧ ਕੇਸ ਦਰਜ ਕਰੇ । ਇਸ ਦੌਰਾਨ ਸੀਟੂ ਅਤੇ ਆਂਗਣਵਾੜੀ ਵਰਕਰਾਂ ਨੇ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਮੁਲਾਜ਼ਮ ਅਤੇ ਕਿਸਾਨ ਮਾਰੂ ਨੀਤੀਆਂ ਨੂੰ ਜੋਸ਼ੀਲੇ ਨਾਅਰੇ ਲਾ ਕੇ ਭੰਡਿਆ। ਰੋਹ ਵਿੱਚ ਆਏ ਵਰਕਰਾਂ ਨੇ ਥਾਂ-ਥਾਂ ਭਾਜਪਾ ਸਰਕਾਰਾਂ ਦੇ ਪੁਤਲੇ ਸਾੜ ਕੇ ਆਪਣੀ ਭੜਾਸ ਕੱਢੀ।