ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 21 ਅਕਤੂਬਰ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਇਥੇ ਰੇਲਵੇ ਪਾਰਕ ਵਿੱਚ ਚੱਲ ਰਹੇ ਕਿਸਾਨ ਧਰਨੇ ’ਚ ਮੋਦੀ ਹਕੂਮਤ ਨੂੰ ਤਾੜਨਾ ਕੀਤੀ ਗਈ ਕਿ ਉਹ ਸੁਪਰੀਮ ਕੋਰਟ ਦੀ ਇਕ ਟਿੱਪਣੀ ਦੀ ਆੜ ’ਚ ਦਿੱਲੀ ਦੀਆਂ ਹੱਦਾਂ ’ਤੇ ਚੱਲਦੇ ਕਿਸਾਨ ਮੋਰਚੇ ਖਦੇੜਨ ਦੀ ਕੋਸ਼ਿਸ਼ ਨਾ ਕਰੇ। ਅਜਿਹਾ ਕਰਨ ’ਤੇ ਕਿਸਾਨਾਂ ’ਚ ਰੋਹ ਹੋ ਵਧੇਗਾ ਕਿਉਂਕਿ ਸੁਪਰੀਮ ਕੋਰਟ ਕਿਸਾਨ ਮੋਰਚੇ ਚੁੱਕਣ ਦੇ ਕੋਈ ਨਿਰਦੇਸ਼ ਨਹੀਂ ਦਿੱਤੇ। ਜਿੱਥੋਂ ਤੱਕ ਸੜਕਾਂ ਰੋਕਣ ਦੀ ਗੱਲ ਹੈ ਤਾਂ ਉਹ ਪੁਲੀਸ ਨੇ ਰੋਕੀਆਂ ਹਨ। ਕਿਸਾਨ ਤਾਂ ਹੱਦਾਂ ’ਤੇ ਪਹਿਲੇ ਦਿਨ ਤੋਂ ਬੈਠਣਾ ਨਹੀਂ ਚਾਹੁੰਦੇ ਸਨ ਕਿਉਂਕਿ ਉਹ ਤਾਂ ਦਿੱਲੀ ਜਾਣ ਲਈ ਨਿਕਲੇ ਸਨ, ਉਨ੍ਹਾਂ ਨੂੰ ਤਾਂ ਇਨ੍ਹਾਂ ਥਾਵਾਂ ’ਤੇ ਜਬਰਨ ਰੋਕਿਆ ਹੋਇਆ ਹੈ। ਬੀਕੇਯੂ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਪ੍ਰਧਾਨਗੀ ਹੇਠ ਧਰਨੇ ਦੌਰਾਨ ਹਰਚੰਦ ਸਿੰਘ ਢੋਲਣ, ਧਰਮ ਸਿੰਘ ਸੂਜਾਪੁਰ, ਦਲਜੀਤ ਸਿੰਘ ਰਸੂਲਪੁਰ, ਹਰਭਜਨ ਸਿੰਘ ਦੋਧਰ, ਹਰਬੰਸ ਲਾਲ, ਕੰਵਲਜੀਤ ਖੰਨਾ ਨੇ ਇਹ ਕਹਿੰਦਿਆਂ ਦੱਸਿਆ ਕਿ ਸੁਪਰੀਮ ਕੋਰਟ ਨੇ ਹਾਲੇ ਤਾਂ ਕਿਸਾਨਾਂ ਤੋਂ ਤਿੰਨ ਹਫ਼ਤੇ ਅੰਦਰ ਜਵਾਬ ਮੰਗਿਆ ਪਰ ਭਾਜਪਾ ਹਕੂਮਤ ਜਾਪਦੈ ਉਸ ਤੋਂ ਪਹਿਲਾਂ ਹੀ ਕੋਝੀ ਸਾਜਿਸ਼ ਤਹਿਤ ਹੁਣੇ ਕਿਸਾਨ ਮੋਰਚੇ ਖ਼ਤਮ ਕਰਨ ਲਈ ਤਾਹੂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮੋਰਚੇ ਨੇ ਆਪਣੀ ਤਾਜ਼ਾ ਮੀਟਿੰਗ ’ਚ ਸਿੰਘੂ ਬਾਰਡਰ ’ਤੇ ਨਿਹੰਗਾਂ ਵੱਲੋਂ ਨੌਜਵਾਨ ਦੇ ਕਤਲ ਦੀ ਸੱਚਾਈ ਜਾਨਣ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜੋ ਤਿੰਨ ਦਿਨ ’ਚ ਸਾਰੇ ਤੱਥ ਲੋਕਾਂ ਸਾਹਮਣੇ ਰੱਖਣਗੇ। ਹਾਲਾਂਕਿ ਨਿਹੰਗ ਅਮਨ ਸਿੰਘ ਬਾਰੇ ਸੱਚਾਈ ਪਹਿਲਾਂ ਹੀ ਸਾਹਮਣੇ ਆ ਚੁੱਕੀ। ਉਨ੍ਹਾਂ ਕਿਹਾ ਕਿ ਅਜਿਹੀ ਕਰਤੂਤ ਨਾਲ ਕਿਸਾਨ ਮਜ਼ਦੂਰ ਏਕਤਾ ਨੂੰ ਤੋੜਨ ਦਾ ਇਰਾਦਾ ਸੀ ਜੋ ਕਿ ਮੋਰਚੇ ਦੀ ਅਗਵਾਈ ’ਚ ਲੋਕਾਂ ਨੇ ਬੁਰੀ ਤਰ੍ਹਾਂ ਰੱਦ ਕਰ ਦਿੱਤਾ। ਧਰਨੇ ’ਚ ਮਲਕੀਤ ਸਿੰਘ ਰੂਮੀ, ਜਗਦੀਪ ਸਿੰਘ ਕੋਠੇ ਖੰਜੂਰਾਂ, ਜਗਜੀਤ ਸਿੰਘ ਮਲਕ ਹਾਜ਼ਰ ਸਨ।
ਕਿਸਾਨਾਂ ਵੱਲੋਂ ਅਧਿਕਾਰੀਆਂ ਦੇ ਘਿਰਾਓ ਦੀ ਚਿਤਾਵਨੀ
ਗੁਰੂਸਰ ਸੁਧਾਰ (ਸੰਤੋਖ ਗਿੱਲ): ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਜਾਰੀ ਲੜੀਵਾਰ ਧਰਨੇ ਮੌਕੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਆਗੂ ਸੁਰਜੀਤ ਸਿੰਘ ਸੀਲੋਂ ਅਤੇ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਕਿਹਾ ਕਿ ਮੰਡੀਆਂ ਵਿੱਚ ਝੋਨੇ ਦੀ ਆਮਦ ਤੇਜ਼ ਹੋ ਗਈ ਹੈ, ਪਰ ਆਨੇ-ਬਹਾਨੇ ਨੁਕਸ ਕੱਢ ਕੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਝੋਨੇ ਦੀ ਖ਼ਰੀਦ ਸਮੇਂ ਕਾਟ ਲਾਈ ਜਾ ਰਹੀ ਹੈ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਜੇ ਮੰਡੀਆਂ ਵਿੱਚ ਕਿਸਾਨਾਂ ਦੀ ਲੁੱਟ ਨਾ ਬੰਦ ਹੋਈ ਤਾਂ ਮਜਬੂਰਨ ਮੰਡੀ ਅਫ਼ਸਰਾਂ ਦਾ ਘਿਰਾਓ ਕਰਾਂਗੇ। ਧਰਨਾਕਾਰੀ ਕਿਸਾਨਾਂ ਦੀ ਅਗਵਾਈ ਅਮਨਦੀਪ ਕੌਰ ਨੇ ਕੀਤੀ।ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੋਹੀ, ਅਮਰਜੀਤ ਸਿੰਘ ਸਹਿਜਾਦ, ਅਮਰੀਕ ਸਿੰਘ ਜੜਤੌਲੀ, ਸਾਬਕਾ ਸਰਪੰਚ ਬਲਦੇਵ ਸਿੰਘ ਝੱਜ, ਦਵਿੰਦਰ ਸਿੰਘ, ਮੋਹਣਜੀਤ ਸਿੰਘ ਨੇ ਵੀ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਸਾਜ਼ਿਸ਼ਾਂ ਰਾਹੀਂ ਕਿਸਾਨ ਘੋਲ ਨੂੰ ਖ਼ਤਮ ਕਰਨ ਦੀਆਂ ਗੋਂਦਾਂ-ਗੁੰਦ ਰਹੀ ਹੈ, ਪਰ ਸਰਕਾਰ ਦੀਆਂ ਇਹ ਸਾਜ਼ਿਸ਼ਾਂ ਕਦੇ ਕਾਮਯਾਬ ਨਹੀਂ ਹੋਣਗੀਆਂ।