ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 5 ਜੁਲਾਈ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਭਾਰਤ-ਚੀਨ ਸਰਹੱਦ ’ਤੇ ਗਲਵਾਨ ਘਾਟੀ ਸਮੇਤ ਹੋਰ ਥਾਵਾਂ ’ਤੇ ਹੋਏ ਹਿੰਸਕ ਟਕਰਾਅ ਦੇ ਮਾਮਲੇ ਵਿਚ ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਟਹਿਰੇ ਵਿਚ ਖੜ੍ਹਾ ਕਰਦਿਆਂ ਸੱਚਾਈ ਨੂੰ ਲੁਕਾਉਣ ਦਾ ਦੋਸ਼ ਲਾਇਆ ਹੈ। ਕੈਪਟਨ ਸੰਧੂ ਨੇ ਕਿਹਾ ਕਿ ਭਾਰਤ ਸਰਕਾਰ ਇਸ ਗੰਭੀਰ ਮਾਮਲੇ ਉੱਪਰ ਗ਼ੈਰ-ਜ਼ਿੰਮੇਵਾਰੀ ਵਾਲਾ ਰਵੱਈਆ ਅਪਣਾ ਰਹੀ ਹੈ ਤੇ ਲਗਾਤਾਰ ਝੂਠ ਬੋਲ ਕੇ ਦੇਸ਼ ਨੂੰ ਗੁਮਰਾਹ ਕਰ ਰਹੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਭਾਰਤ ਸਰਕਾਰ ਇਸ ਗੰਭੀਰ ਮਾਮਲੇ ਵਿਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਜੇ 15 ਜੂਨ ਨੂੰ ਭਾਰਤੀ ਫ਼ੌਜੀ ਹਥਿਆਰਬੰਦ ਹੁੰਦੇ ਅਤੇ ਚਲਾਉਣ ਦੀ ਆਗਿਆ ਵੀ ਹੁੰਦੀ ਤਾਂ ਨਤੀਜੇ ਕੁਝ ਹੋਰ ਹੁੰਦੇ। ਉਨ੍ਹਾਂ ਫ਼ੌਜੀ ਜਵਾਨਾਂ ਦੀ ਸ਼ਹਾਦਤ ਨੂੰ ਸਲਾਮ ਕਰਦਿਆਂ ਚੀਨੀ ਸਰਕਾਰ ਨੂੰ ਧੋਖੇਬਾਜ਼ ਦੱਸਿਆ।
ਸਿਹਤ ਤੇ ਸਿੱਖਿਆ ਮਾਮਲੇ ’ਚ ਕਮੀਆਂ ਸਵੀਕਾਰੀਆਂ
ਕੋਵਿਡ-19 ਦੇ ਦੌਰ ਵਿਚ ਮੀਡੀਆ ਦੀ ਭੂਮਿਕਾ ਦੇ ਸਨਮਾਨ ਵਜੋਂ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਮੁੱਲਾਂਪੁਰ ਵਿਚ ਇਕ ਗ਼ੈਰਰਸਮੀ ਮੀਟਿੰਗ ਕੀਤੀ ਗਈ। ਇਸ ਮੌਕੇ ਹਲਕਾ ਦਾਖਾ ਦੇ ਵਿਕਾਸ ਲਈ ਭਵਿੱਖ ਦੀਆਂ ਕੁਝ ਯੋਜਨਾਵਾਂ ਦੀ ਵੀ ਚਰਚਾ ਹੋਈ। ਇਸ ਦੌਰਾਨ ਉਨ੍ਹਾਂ ਸਿਹਤ ਅਤੇ ਸਿੱਖਿਆ ਦੇ ਮਾਮਲੇ ਵਿਚ ਕਮੀਆਂ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇਸ ਮਾਮਲੇ ਵਿਚ ਸੁਧਾਰ ਲਈ ਗੰਭੀਰਤਾ ਨਾਲ ਵਿਚਾਰ ਕਰੀ ਰਹੀ ਹੈ।