ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 8 ਮਾਰਚ
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪੰਜਾਬ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਅੱਜ ਸੰਯੁਕਤ ਕਿਸਾਨ ਮੋਰਚੇ ਦੀਆਂ ਸਾਰੀਆਂ ਸਟੇਜਾਂ ’ਤੇ ਮਹਿਲਾ ਦਿਵਸ ਮਨਾਇਆ ਗਿਆ, ਜਿਸ ਵਿਚ ਪੂਰੇ ਦੇਸ਼ ’ਚੋਂ ਵੱਧ ਚੜ੍ਹ ਕੇ ਔਰਤਾਂ ਨੇ ਹਿੱਸਾ ਲਿਆ। ਲੱਖੋਵਾਲ ਨੇ ਕਿਹਾ ਕਿ ਕਿਸਾਨੀ ਸੰਘਰਸ਼ ਵਿਚ ਔਰਤਾਂ ਦਾ ਬਹੁਤ ਵੱਡਾ ਰੋਲ ਰਿਹਾ ਹੈ ਕਿਉਂਕਿ ਕਿਸਾਨ ਪਿਛਲੇ 103 ਦਿਨਾਂ ਤੋਂ ਦਿੱਲੀ ਧਰਨਿਆਂ ਉੱਪਰ ਬੈਠੇ ਹਨ, ਇਹ ਸਭ ਤਾਂ ਹੀ ਸੰਭਵ ਹੋਇਆ ਜੇਕਰ ਔਰਤਾਂ ਨੇ ਪਿੱਛੇ ਘਰਾਂ ਵਿਚ ਰਹਿ ਕੇ ਘਰ ਅਤੇ ਬੱਚੇ ਸੰਭਾਲੇ ਅਤੇ ਖੇਤੀਬਾੜੀ ਦੇ ਕੰਮਾਂ ਨੂੰ ਵੀ ਬਾਖੂਬੀ ਸੰਭਾਲਿਆ। ਲੱਖੋਵਾਲ ਨੇ ਦੱਸਿਆ ਕਿ ਕਈ ਸਾਡੀਆਂ ਬੱਚੀਆਂ ਆਪਣੇ ਵਿਚਾਰਾਂ ਨਾਲ ਸੋਸ਼ਲ ਮੀਡੀਆ ’ਤੇ ਇਨ੍ਹਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਹਨ ਅਤੇ ਉਨ੍ਹਾਂ ਦੀ ਮੌਜ਼ੂਦਗੀ ਧਰਨੇ ਨੂੰ ਹੋਰ ਬਲ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਧਰਨਿਆਂ ਵਿਚ ਔਰਤਾਂ ਦੀ ਵੱਡੀ ਗਿਣਤੀ ਇਹ ਦਰਸਾਉਂਦੀ ਹੈ ਕਿ ਔਰਤਾਂ ਨੇ ਇਹ ਸਮਝ ਲਿਆ ਹੈ ਕਿ ਮੋਦੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਏ ਬਿਨਾਂ ਕਿਸਾਨੀ ਨਹੀਂ ਬਚਾਈ ਜਾ ਸਕਦੀ।
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਅੱਜ ਸੰਯੁਕਤ ਕਿਸਾਨ ਮੋਰਚੇ ਦੇ ਤਹਿਸ਼ੁਦਾ ਪ੍ਰੋਗਰਾਮ ਤਹਿਤ ਪਿੰਡ ਭੈਣੀ ਬੜਿੰਗਾਂ ਵਿੱਚ ਕਿਸਾਨੀ ਸੰਘਰਸ਼ ਨੂੰ ਸਮਰਪਿਤ ‘ਵਿਸ਼ਵ ਮਹਿਲਾ ਦਿਵਸ’ ਮਨਾਇਆ ਗਿਆ। ਪਿੰਡ ਦੀਆਂ ਔਰਤਾਂ ਅਤੇ ਮਰਦਾਂ ਵੱਲੋਂ ਸਾਂਝੇ ਤੌਰ ’ਤੇ ਮਨਾਏ ਗਏ ਇਸ ਦਿਵਸ ਮੌਕੇ ਸਭ ਤੋਂ ਪਹਿਲਾਂ ਕਿਸਾਨੀ ਸੰਘਰਸ਼ ’ਚ ਸ਼ਹੀਦ ਹੋ ਚੁੱਕੇ 250 ਦੇ ਕਰੀਬ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਉਪਰੰਤ ਇਕੱਠੇ ਹੋਏ ਲੋਕਾਂ ਨੇ ਪ੍ਰਣ ਕੀਤਾ ਕਿ ਜਦੋਂ ਤੱਕ ਤਿੰਨੋਂ ਕਿਸਾਨੀ ਸਬੰਧੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ, ਉਨੀ ਦੇਰ ਦਿੱਲੀ ਤੇ ਪੰਜਾਬ ’ਚ ਚੱਲ ਰਹੇ ਕਿਸਾਨੀ ਸੰਘਰਸ਼ ’ਚ ਪੂਰਾ ਯੋਗਦਾਨ ਪਾਇਆ ਜਾਵੇਗਾ। ਇਸ ਮੌਕੇ ਕਿਸਾਨ ਆਗੂ ਡਾ. ਗੁਰਚਰਨ ਸਿੰਘ ਬੜਿੰਗ ਨੇ ਕਿਹਾ ਕਿ ਇਸ ਸੰਘਰਸ਼ ਵਿੱਚ ਔਰਤਾਂ ਨੇ ਵੱਡਮੁੱਲਾ ਯੋਗਦਾਨ ਪਾਇਆ। ਇਸ ਮੌਕੇ ਪ੍ਰਿੰਸੀਪਲ ਵਿਸ਼ਵਕੀਰਤ ਕੌਰ, ਸੁਰਜੀਤ ਕੌਰ, ਬਚਨ ਕੌਰ, ਦਲਜੀਤ ਕੌਰ, ਸਰਬਜੀਤ ਕੌਰ, ਨੱਛਤਰ ਕੌਰ, ਸੁਰਿੰਦਰ ਕੌਰ, ਸ਼ਰਨਜੀਤ ਕੌਰ, ਸਰਪੰਚ ਗੁਰਸੇਵਕ ਸਿੰਘ ਆਦਿ ਹਾਜ਼ਰ ਸਨ।
ਖੰਨਾ (ਜੋਗਿੰਦਰ ਸਿੰਘ ਓਬਰਾਏ): ਇਥੋਂ ਦੇ ਰੇਲਵੇ ਸਟੇਸ਼ਨ ਬਾਹਰ ਆਰੰਭਿਆ ਸੰਘਰਸ਼ 159ਵੇਂ ਦਿਨ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਹੇਠ ਲਗਾਤਾਰ ਜਾਰੀ ਹੈ। ਭੁੱਖ ਹੜਤਾਲ ਦੇ 110ਵੇਂ ਦਿਨ ਰਾਜਿੰਦਰ ਸਿੰਘ ਮਲਕਪੁਰ ਅਤੇ ਹਵਾ ਸਿੰਘ ਬੈਠੇ। ਅੱਜ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਔਰਤ ਦਿਵਸ ਨੂੰ ਸਮਰਪਿਤ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਰੋਸ ਪ੍ਰਦਰਸ਼ਨ ਕੀਤਾ, ਜਿਸ ਵਿਚ ਵੱਡੀ ਗਿਣਤੀ ਔਰਤਾਂ ਦੀ ਸੀ। ਇਸ ਮੌਕੇ ਹਰਸਿਮਰਨ ਕੌਰ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਇਸ ਸੰਘਰਸ਼ ਵਿਚ ਔਰਤਾਂ ਕਿਸੇ ਵੀ ਪੱਖੋਂ ਪਿੱਛੇ ਨਹੀਂ ਹੱਟਣਗੀਆਂ। ਇਸ ਮੌਕੇ ਕਿਸਾਨ ਬੀਬੀਆਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਉਹ ਕਾਲੇ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਘਰ ਮੁੜਨ ਵਾਲੀਆਂ ਨਹੀਂ।
ਜਗਰਾਉਂ (ਜਗਬੀਰ ਸ਼ੇਤਰਾ): ‘ਰਾਜਾ ਜਦੋਂ ਡਰਦਾ ਹੈ, ਕਿਲ੍ਹੇਬੰਦੀ ਕਰਦਾ ਹੈ’ ਅਤੇ ‘ਮੋਦੀ ਤੇਰਾ ਵਹਿਮ ਹੈ, ਸਾਡਾ ਏਕਾ ਕਾਇਮ ਹੈ’ ਵਰਗੇ ਔਰਤਾਂ ਦੇ ਨਾਅਰਿਆਂ ਨਾਲ ਅੱਜ ਇਥੇ ਰੇਲਵੇ ਪਾਰਕ ਗੂੰਜ ਉੱਠਿਆ। ਕੌਮਾਂਤਰੀ ਮਹਿਲਾ ਦਿਵਸ ’ਤੇ ਲਗਾਤਾਰ ਚੱਲ ਰਹੇ ਖੇਤੀ ਕਾਨੂੰਨਾਂ ਵਿਰੋਧੀ ਧਰਨੇ ’ਚ ਅੱਜ ਕਮਾਨ ਔਰਤਾਂ ਹੱਥ ਰਹੀ। ਵੱਡੀ ਗਿਣਤੀ ’ਚ ਇਲਾਕੇ ਭਰ ਦੇ ਪਿੰਡਾਂ ’ਚੋਂ ਕੁੜੀਆਂ, ਬਜ਼ੁਰਗ ਬੀਬੀਆਂ ਕਾਫਲੇ ਲੈ ਕੇ ਪੁੱਜੀਆਂ, ਜਿਨ੍ਹਾਂ ਦੇ ਅਕਾਸ਼ ਗੂੰਜਾਊ ਨਾਅਰਿਆਂ ਨੇ ਵੱਖਰਾ ਰੰਗ ਬੰਨ੍ਹਿਆ। ਮਨਜੀਤ ਕੌਰ, ਸਰਬਜੀਤ ਕੌਰ, ਜਸਵਿੰਦਰ ਕੌਰ ਮੋਹੀ ਦੀ ਪ੍ਰਧਾਨਗੀ ਅਤੇ ਔਰਤ ਆਗੂ ਦਲਜੀਤ ਕੌਰ ਹਠੂਰ ਦੀ ਮੰਚ ਸੰਚਾਲਨਾਂ ਹੇਠ ਇਹ ਮਹਿਲਾ ਦਿਵਸ ਮਨਾਇਆ ਗਿਆ। ਔਰਤ ਮੁਕਤੀ ਦਾ ਸੱਦਾ ਦਿੰਦਿਆਂ ਬੀਬੀ ਪਤਵੰਤ ਕੌਰ, ਰਵਨੀਤ ਕੌਰ ਲੁਧਿਆਣਾ, ਅੰਮ੍ਰਿਤਪਾਲ ਕੌਰ ਰਸੂਲਪੁਰ, ਲਖਵੀਰ ਕੌਰ ਗਾਲਬਿ, ਅਮਰਜੀਤ ਕੌਰ ਛੱਜਾਵਾਲ, ਮਨਦੀਪ ਕੌਰ ਬਾਰਦੇਕੇ, ਬਲਜਿੰਦਰ ਕੌਰ ਕਲਸੀ, ਅਮਨਦੀਪ ਕੌਰ ਨੇ ਕਿਹਾ ਕਿ ਸਾਡੀਆਂ ਰੱਖੜੀਆਂ, ਕਰਵਾਚੌਥ ਸਮੇਤ ਹੋਰ ਦਿਨ ਤਿਉਹਾਰ ਤਾਂ ਹੀ ਮਾਇਨੇ ਰੱਖਦੇ ਹਨ ਜੇਕਰ ਸਾਡੇ ਭਰਾ, ਪਤੀ, ਬਾਪ ਸਭ ਸੁੱਖੀ-ਸਾਂਦੀ ਘਰ ਪਰਿਵਾਰਾਂ ’ਚ ਹੋਣ। ਉਹ ਸਾਰੇ ਤਾਂ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਹੋਏ ਹਨ ਪਰ ਅਸੀਂ ਹੌਂਸਲਾ ਹਾਰਨ ਵਾਲੀਆਂ ਨਹੀਂ। ਇਸੇ ਤਰ੍ਹਾਂ ਚੌਂਕੀਮਾਨ ਟੌਲ ਪਲਾਜ਼ਾ ’ਤੇ ਵੀ ਔਰਤ ਦਿਵਸ ਮਨਾਇਆ ਗਿਆ।
ਧਰਨਿਆਂ ’ਤੇ ਬੀਬੀਆਂ ਦਾ ਗਿੱਧਾ ਬਣਿਆ ਖਿੱਚ ਦਾ ਕੇਂਦਰ
ਜਗਰਾਉਂ: ਕਿਸਾਨ ਸੰਘਰਸ਼ ਮੋਰਚੇ ਦੇ 159ਵੇਂ ਦਿਨ ਅੱਜ ਇਥੇ ਮਹਿਲਾ ਦਿਵਸ ਵੱਖਰੇ ਢੰਗ ਨਾਲ ਮਨਾਇਆ ਗਿਆ। ਮੰਚ ’ਤੇ ਬੀਬੀ ਪਤਵੰਤ ਕੌਰ ਦੀ ਅਗਵਾਈ ’ਚ ਬੀਬੀਆਂ ਨੇ ਮੋਦੀ ਹਕੂਮਤ ਖ਼ਿਲਾਫ਼ ਬੋਲੀਆਂ ਪਾ ਕੇ ਪੇਸ਼ ਕੀਤਾ ਗਿੱਧਾ ਖਿੱਚ ਦਾ ਕੇਂਦਰ ਰਿਹਾ। ਇਨ੍ਹਾਂ ਬੋਲੀਆਂ ਰਾਹੀਂ ਕਿਸਾਨ ਔਰਤਾਂ ਨੇ ਆਪਣੇ ਰੋਹ ਅਤੇ ਜਜ਼ਬਿਆਂ ਦਾ ਬਾਖੂਬੀ ਪ੍ਰਗਟਾਵਾ ਕੀਤਾ। ਇਪਟਾ ਮੋਗਾ ਦੀ ਟੀਮ ਵੱਲੋਂ ਬਲਵਿੰਦਰ ਬੁਲਟ ਦਾ ਲਿਖਿਆ ਖੇਤੀ ਸੰਕਟ ਦੀਆਂ ਪਰਤਾਂ ਖੋਲ੍ਹਦਾ ਨਾਟਕ ‘ਰਾਜਨੀਤਕ ਕਤਲ’ ਅਤੇ ਹਾਸ-ਵਿਅੰਗ ਨਾਟਕ ‘ਭੰਡ’ ਪੇਸ਼ ਕੀਤਾ। ਕਲਾਕਾਰਾਂ ਨੇ ਇਸ ਪੇਸ਼ਕਾਰੀ ਰਾਹੀਂ ਸਰੋਤਿਆਂ ਦਾ ਮਨ ਮੋਹ ਲਿਆ। ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ ਦੇ ਕਲਾਕਾਰਾਂ ਨੇ ਔਰਤਾਂ ਨੂੰ ਸੰਬੋਧਤ ਦਿਲਾਂ ਨੂੰ ਲੂਹਣ ਵਾਲੀਆਂ ਕਵੀਸ਼ਰੀਆਂ ਪੇਸ਼ ਕੀਤੀਆਂ। ਇਨਕਲਾਬੀ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਔਰਤਾਂ ਨੇ ਪੂਰੇ ਦੇਸ਼ ਅੰਦਰ ਕਿਸਾਨ ਸੰਘਰਸ਼ ’ਚ ਮੋਹਰੀ ਰੋਲ ਨਿਭਾਅ ਕੇ ਕਾਲੇ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਨੂੰ ਜਿੱਤ ਦੇ ਨੇੜੇ ਪਹੁੰਚਾ ਦਿੱਤਾ ਹੈ।