ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਸਤੰਬਰ
ਸ਼ਿਵ ਸੈਨਾ ਪੰਜਾਬ ਦੇ ਮੈਂਬਰਾਂ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ’ਤੇ ਲੁਧਿਆਣਾ ਵਿੱਚ ਲੱਡੂ ਵੰਡੇ ਤੇ ਨਾਲ ਹੀ ਸ਼ਹਿਰ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਕਿਸਾਨਾਂ ਦਾ ਹਿਤੈਸ਼ੀ ਦੱਸਣ ਵਾਲੇ ਬੋਰਡ ਵੀ ਕਈ ਥਾਵਾਂ ’ਤੇ ਲਗਾਏ। ਲੁਧਿਆਣਾ ਦੇ ਫੁਹਾਰਾ ਚੌਕ ਵਿੱਚ ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ ਤੇ ਟਕਸਾਲੀ ਆਗੂ ਸੰਦੀਪ ਗੋਰਾ ਥਾਪਰ ਨੇ ਸਾਥੀਆਂ ਨਾਲ ਚੌਕ ਦੇ ਵਿਚਕਾਰ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੇ ਵੱਡੇ ਹਿਤੈਸ਼ੀ ਹੋਣ ਦੇ ਬੋਰਡ ਲਗਾਏ। ਸ਼ਿਵ ਸੈਨਾ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਹੈ ਤੇ ਇਸ ਦਿਨ ’ਤੇ ਸ਼ਿਵ ਸੈਨਾ ਵੱਲੋਂ ਉਨ੍ਹਾਂ ਨੂੰ ਹਿੰਦੂ ਦਾ ਰਾਜਾ ਤੇ ਕਿਸਾਨਾਂ ਦਾ ਵੱਡਾ ਹਿਤੈਸ਼ੀ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਲਈ ਕਿਸਾਨ ਹਿਤੈਸ਼ੀ ਹਨ ਕਿਉਂਕਿ ਉਨ੍ਹਾਂ ਨੇ ਖੇਤੀ ਕਾਨੂੰਨ ਲਿਆਂਦੇ ਅਤੇ ਨਾਲ ਹੀ ਉਹ ਕਿਸਾਨਾਂ ਦੇ ਖਾਤਿਆਂ ’ਚ ਸਾਲ ਦੇ ਛੇ ਹਜ਼ਾਰ ਰੁਪਏ ਪਵਾ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਫ਼ਸਲਾਂ ਦੀ ਅਦਾਇਗੀ ਸਿੱਧੀ ਕਿਸਾਨਾਂ ਦੇ ਖਾਤਿਆਂ ’ਚ ਪਵਾਉਣੀ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਹੁਣ ਜਿਹੜੇ ਲੋਕ ਕਿਸਾਨਾਂ ਦੇ ਨਾਂ ’ਤੇ ਰਾਜਨੀਤੀ ਕਰ ਰਹੇ ਹਨ, ਉਹ ਇਹ ਸਭ ਗੱਲਾਂ ਕਿਸਾਨਾਂ ਨੂੰ ਨਹੀਂ ਦੱਸ ਰਹੇ। ਸ਼ਿਵ ਸੈਨਾ ਦੇ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੇ ਨਾਂ ’ਤੇ ਸਿਆਸਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਾਣ-ਬੁੱਝ ਕੇ ਹਰ ਵਾਰ ਅਕਾਲੀ ਦਲ ਹਿੰਦੂ ਤਿਉਹਾਰਾਂ ਵਾਲੇ ਦਿਨ ਨੂੰ ਕਾਲਾ ਦਿਨ ਕਰਾਰ ਦਿੰਦਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।