ਪੱਤਰ ਪ੍ਰੇਰਕ
ਮਾਛੀਵਾੜਾ, 26 ਜੂਨ
ਸਾਹਿਤ ਸਭਾ ਮਾਛੀਵਾੜਾ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਟੀ. ਲੋਚਨ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਭ ਤੋਂ ਪਹਿਲਾਂ ਇੱਕ ਸ਼ੋਕ ਮਤੇ ਰਾਹੀਂ ਬੇਗੋਵਾਲ ਦੇ ਸ਼ਾਇਰ ਹਰਭਜਨ ਸਿੰਘ ਮਾਂਗਟ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਰਚਨਾਵਾਂ ਦੇ ਦੌਰ ਵਿੱਚ ਕਸ਼ਮੀਰ ਸਿੰਘ ਨੇ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਬਾਰੇ ਇੱਕ ਗੀਤ ਪੇਸ਼ ਕੀਤਾ। ਸੇਵਾਮੁਕਤ ਪੋਸਟ ਮਾਸਟਰ ਪਰਵਿੰਦਰ ਸਿੰਘ ਨੇ ਪੋਸਟ ਵਿਭਾਗ ਨਾਲ ਸਬੰਧਤ ਆਪਣੇ ਜੀਵਨ ਦੀਆਂ ਘਟਨਾਵਾਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ। ਇਸ ਉਪਰੰਤ ਅਵਤਾਰ ਸਿੰਘ ਉਟਾਲਾਂ ਨੇ ਦੋਗਾਣਾ ਅਤੇ ਕਵੀ ਨਛੱਤਰ ਸਿੰਘ ਨੇ ਗੀਤ ਸੁਣਾਇਆ। ਰਘਬੀਰ ਸਿੰਘ ਭਰਤ ਨੇ ਆਪਣੇ ਅਧਿਆਪਕੀ ਜੀਵਨ ਸਫ਼ਰ ਬਾਰੇ ਹਾਜ਼ਰ ਸਾਹਿਤਕਾਰਾਂ ਨਾਲ ਅਨੁਭਵ ਸਾਂਝੇ ਕੀਤੇ।
ਇਸ ਉਪਰੰਤ ਸ਼ਾਇਰ ਟੀ. ਲੋਚਨ ਨੇ ਗ਼ਜ਼ਲ ‘ਚੋਖਾ ਦਰਦ ਹੰਢਾ ਕੇ ਲਿਖਣਾ ਪੈਂਦਾ ਹੈ, ਹੰਝੂ ਰੱਤ ਮਿਲਾ ਕੇ ਲਿਖਣਾ ਪੈਂਦਾ ਹੈ’ ਸੁਣਾਈ। ਅੰਤ ਵਿੱਚ ਸ਼ਾਇਰ ਸ. ਨਸੀਮ ਨੇ ਆਪਣੀ ਗ਼ਜ਼ਲ ‘ਝਨਾ ਹੋਵੇ ਜੇ ਸਾਹਵੇਂ ਇਸ਼ਕ ਦਾ ਹੱਸ ਕੇ ਤਰੇ ਕੋਈ, ਮਗਰ ਅਹਿਸਾਸ ਦੀ ਸੁੱਕੀ ਨਦੀ ਦਾ ਕੀ ਕਰੇ ਕੋਈ’ ਸੁਣਾਈ ਜਿਸ ਦੀ ਸ਼ਲਾਘਾ ਹੋਈ। ਇਕੱਤਰਤਾ ਦਾ ਸੰਚਾਲਨ ਸਭਾ ਦੇ ਜਨਰਲ ਸਕੱਤਰ ਨਿਰੰਜਨ ਸੂਖਮ ਨੇ ਕੀਤਾ।