ਪੱਤਰ ਪ੍ਰੇਰਕ
ਸਮਰਾਲਾ, 16 ਮਈ
ਲੇਖਕ ਮੰਚ ਸਮਰਾਲਾ ਦੀ ਮਹੀਨਾਵਾਰ ਇਕੱਤਰਤਾ, ਮੰਚ ਦੇ ਪ੍ਰਧਾਨ ਦਲਜੀਤ ਸਿੰਘ ਸ਼ਾਹੀ ਦੀ ਪ੍ਰਧਾਨਗੀ ਹੇਠ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਵਿੱਚ ਹੋਈ। ਇਸ ਮੌਕੇ ਪ੍ਰਸਿੱਧ ਪੰਜਾਬੀ ਸ਼ਾਇਰ ਡਾ. ਸੁਰਜੀਤ ਪਾਤਰ, ਸ਼ਾਇਰ ਮੋਹਨਜੀਤ, ਰੋਪੜ ਜ਼ਿਲ੍ਹੇ ਦੇ ਵਧੀਆ ਗਜ਼ਲਗੋ ਅਜਮੇਰ ਸਾਗਰ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਮੁੱਖ ਆਗੂ ਅਤੇ ਲੋਕ ਹਿੱਤਾਂ ਦੇ ਪਹਿਰੇਦਾਰ ਹਰਬੰਸ ਹੀਓਂ (ਬੰਗਾ) ਨੂੰ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਉਪਰੰਤ ਮੰਚ ਦੇ ਸਰਪ੍ਰਸਤ ਪ੍ਰ੍ਰਿੰਸੀਪਲ (ਡਾ.) ਪਰਮਿੰਦਰ ਸਿੰਘ ਬੈਨੀਪਾਲ ਨੇ 12 ਮਈ ਦੇ ਪੰਜਾਬੀ ਟ੍ਰਿਬਿਊਨ ਵਿੱਚ ਛਪੀਆਂ ਡਾ. ਪਾਤਰ ਸਾਹਿਬ ਦੀਆਂ ਸਾਰੀਆਂ ਰਚਨਾਵਾਂ ਸੁਣਾਈਆਂ। ਇਸ ਤੋਂ ਬਾਅਦ ਡਾ. ਪਾਤਰ ਬਾਰੇ ‘ਪੰਜਾਬੀ ਟ੍ਰਿਬਿਊਨ’ ਵਿੱਚ ਛਪੇ ਹੋਏ ਗੁਲਜ਼ਾਰ ਸਿੰਘ ਸੰਧੂ ਅਤੇ ਡਾ. ਸਵਰਾਜਬੀਰ ਦੇ ਲਿਖੇ ਲੇਖ ਪੜ੍ਹੇ। ਹਾਜ਼ਰ ਸਾਹਿਤਕਾਰਾਂ ਨੇ ਡਾ. ਪਾਤਰ ਨਾਲ ਹੋਈਆਂ ਆਪਣੀਆਂ ਮੁਲਾਕਾਤਾਂ, ਯਾਦਾਂ ਇੱਕ ਦੂਜੇ ਨਾਲ ਸਾਂਝੀਆਂ ਕੀਤੀਆਂ। ਮੀਟਿੰਗ ਵਿੱਚ ਮੰਚ ਦੇ ਪ੍ਰਧਾਨ ਦਲਜੀਤ ਸਿੰਘ ਸ਼ਾਹੀ, ਡਾ. ਪਰਮਿੰਦਰ ਸਿੰਘ ਬੈਨੀਪਾਲ, ਅਵਤਾਰ ਸਿੰਘ ਉਟਾਲਾਂ, ਲਖਬੀਰ ਸਿੰਘ ਬਲਾਲਾ, ਪਰਮਿੰਦਰ ਸਿੰਘ ਸੇਖੋਂ, ਗੁਰਭਗਤ ਸਿੰਘ, ਮੈਨੇਜਰ ਕਰਮਚੰਦ ਅਤੇ ਹਰਬੰਸ ਮਾਲਵਾ ਆਦਿ ਨੇ ਸ਼ਿਰਕਤ ਕੀਤੀ। ਮੀਟਿੰਗ ਦੀ ਸਮੁੱਚੀ ਕਾਰਵਾਈ ਮੰਚ ਦੇ ਜਨਰਲ ਸਕੱਤਰ ਹਰਬੰਸ ਮਾਲਵਾ ਨੇ ਬਾਖੂਬੀ ਨਿਭਾਈ।