ਸੰਤੋਖ ਗਿੱਲ
ਗੁਰੂਸਰ ਸੁਧਾਰ, 4 ਮਈ
ਨਿਹਾਲ ਸਿੰਘ ਵਾਲਾ ਵਾਸੀ ਸੁਸ਼ੀਲ ਜੈਨ ਅਤੇ ਉਸ ਦੀ ਪਤਨੀ ਮੀਨਾ ਜੈਨ ਉਰਫ਼ ਬਬਲੀ ਦੀ ਅਗਵਾਈ ਵਿਚ ਕਰੀਬ ਡੇਢ ਦਰਜਨ ਧਾੜਵੀਆਂ ਨੇ ਲੁਧਿਆਣਾ-ਬਠਿੰਡਾ ਰਾਜ ਮਾਰਗ ਉੱਪਰ ਕਸਬਾ ਸੁਧਾਰ ਬਜ਼ਾਰ ਦੇ ਘੁਮਾਣ ਚੌਕ ਸਥਿਤ ਇਕ ਦੁਕਾਨਦਾਰ ਦਾ ਸਾਰਾ ਸਾਮਾਨ ਦੁਕਾਨ ਵਿਚੋਂ ਬਾਹਰ ਵਗਾਹ ਮਾਰਿਆ ਅਤੇ ਦੁਕਾਨ ਦੀ ਪਿਛਲੀ ਦੀਵਾਰ ਢਾਹ ਕੇ ਦੁਕਾਨ ਦੇ ਸ਼ਟਰ ਨੂੰ ਵੀ ਤਾਲਾ ਜੜ੍ਹ ਦਿੱਤਾ। ਉਨ੍ਹਾਂ ਇਕ ਪਰਵਾਸੀ ਮਜ਼ਦੂਰ ਦੀ ਬੰਦ ਦੁਕਾਨ ਦੀ ਪਿਛਲੀ ਦੀਵਾਰ ਤੋੜ ਕੇ ਉਸ ਨੂੰ ਵੀ ਬਾਹਰੋਂ ਤਾਲਾ ਜੜ੍ਹ ਦਿੱਤਾ। ਥਾਣਾ ਸੁਧਾਰ ਦੀ ਮੁਖੀ ਸਬ-ਇੰਸਪੈਕਟਰ ਕਿਰਨਦੀਪ ਕੌਰ ਨੇ ਪੁਲੀਸ ਪਾਰਟੀ ਸਮੇਤ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਜਾਂਚ ਉੱਪਰੰਤ ਸਖ਼ਤ ਕਾਰਵਾਈ ਕੀਤੀ ਜਾਵੇਗੀ।ਜ਼ਿਕਰਯੋਗ ਹੈ ਕਿ ਪਿਛਲੇ ਕਰੀਬ 16 ਸਾਲ ਤੋਂ ਆਟੋ-ਇਲੈਕਟ੍ਰੀਸ਼ੀਅਨ ਦੀ ਦੁਕਾਨ ਚਲਾ ਰਹੇ ਦਵਿੰਦਰ ਸਿੰਘ ਮਿੱਠੂ ਵਾਸੀ ਬੋਪਾਰਾਏ ਕਲਾਂ ਨੇ ਪੁਲੀਸ ਨੂੰ ਦੱਸਿਆ ਕਿ ਕਰੀਬ ਗਿਆਰਾਂ ਵਜੇ ਦੁਕਾਨ ਦੇ ਲਾਗੇ ਹੀ ਗੱਡੀਆਂ ਖੜ੍ਹੀਆਂ ਕਰਕੇ ਦੋ ਔਰਤਾਂ ਸਮੇਤ 18-20 ਬੰਦਿਆਂ ਨੇ ਦੁਕਾਨ ’ਤੇ ਧਾਵਾ ਬੋਲਿਆ ਅਤੇ ਉਸ ਨੂੰ ਕਾਬੂ ਕਰ ਕੇ ਪਹਿਲਾਂ ਉਸ ਦਾ ਮੋਬਾਈਲ ਅਤੇ ਜੇਬ ਵਿਚੋਂ ਨਕਦੀ ਅਤੇ ਹੋਰ ਸਾਮਾਨ ਕੱਢ ਲਿਆ। ਦੂਜੇ ਦੁਕਾਨਦਾਰ ਪਰਵਾਸੀ ਮਜ਼ਦੂਰ ਨੂੰ ਫ਼ੋਨ ’ਤੇ ਦੁਕਾਨ ਖ਼ਾਲੀ ਕਰਨ ਦੀਆਂ ਧਮਕੀਆਂ ਦੀ ਕਾਲ ਵੀ ਰਿਕਾਰਡ ਹੋ ਗਈ ਅਤੇ ਦੁਕਾਨ ਉੱਪਰ ਕਬਜ਼ਾ ਕਰਨ ਦੀ ਘਟਨਾ ਵੀ ਸਾਹਮਣੇ ਵਾਲੀ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਦੁਕਾਨ ਦੇ ਅਸਲ ਮਾਲਕ ਸੁਧਾਰ ਬਜ਼ਾਰ ਵਾਸੀ ਕਲੀ ਰਾਮ ਬਾਂਸਲ ਵਿਦੇਸ਼ ਵਿਚ ਵਸਦੇ ਹਨ ਅਤੇ ਇਹ ਸਾਰੀ ਕਾਰਵਾਈ ਉਨ੍ਹਾਂ ਦੇ ਧੀ-ਜਵਾਈ ਵੱਲੋਂ ਕੀਤੀ ਦੱਸੀ ਗਈ ਹੈ। ਪੁਲੀਸ ਨੇ ਮੁੱਖ ਮੁਲਜ਼ਮ ਸੁਸ਼ੀਲ ਜੈਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ 20 ਅਣਪਛਾਤੇ ਵਿਅਕੀਤਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਨਾਜਾਇਜ਼ ਸ਼ਰਾਬ ਸਣੇ ਤਿੰਨ ਗ੍ਰਿਫ਼ਤਾਰ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਹੈਬੋਵਾਲ ਦੀ ਪੁਲੀਸ ਨੂੰ ਥਾਣੇਦਾਰ ਗੁਰਜਿੰਦਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਮੇਨ ਚੌਕ ਹੈਬੋਵਾਲ ਵਿੱਚ ਨਾਕੇ ਦੌਰਾਨ ਐਕਟਿਵਾ ਸਕੂਟਰ ’ਤੇ ਆ ਰਹੇ ਦੀਪਕ ਕਰੀਰ ਵਾਸੀ ਨਿਊ ਟੈਗੋਰ ਨਗਰ ਹੈਬੋਵਾਲ ਦੀ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲਈ ਤਾਂ ਉਸ ਕੋਲੋਂ 14 ਬੋਤਲਾਂ ਰਾਇਲ ਸਟੈਗ ਅਤੇ 16 ਬੋਤਲਾਂ ਬਲੈਂਡਰ ਪ੍ਰਾਈਡ ਸ਼ਰਾਬ ਬਰਾਮਦ ਹੋਈ। ਇਸੇ ਤਰ੍ਹਾਂ ਥਾਣਾ ਲਾਡੋਵਾਲ ਦੇ ਥਾਣੇਦਾਰ ਪ੍ਰਸ਼ੋਤਮ ਲਾਲ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਰਜਾਪੁਰ ਪਿੰਡ ਵਿੱਚ ਛਾਪਾ ਮਾਰ ਕੇ ਸ਼ਿਮਲਾ ਬਾਈ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਕੋਲੋਂ 45 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਥਾਣਾ ਜਮਾਲਪੁਰ ਦੇ ਥਾਣੇਦਾਰ ਧਨਵੰਤ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਚੰਡੀਗੜ੍ਹ ਰੋਡ ਰਾਮਗੜ੍ਹ ਨੇੜੇ ਛਾਪਾ ਮਾਰ ਕੇ ਓਮ ਪ੍ਰਕਾਸ਼ ਵਾਸੀ ਸਰਪੰਚ ਕਲੋਨੀ ਰਾਮਗੜ੍ਹ ਨੂੰ 36 ਬੋਤਲਾਂ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ ਜੋ ਉਹ ਆਪਣੀ ਮੀਟ ਦੀ ਦੁਕਾਨ ਵਿੱਚ ਗਾਹਕਾਂ ਨੂੰ ਸ਼ਰਾਬ ਵੇਚ ਰਿਹਾ ਸੀ।