ਦਵਿੰਦਰ ਜੱਗੀ
ਪਾਇਲ, 25 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਦੋਰਾਹਾ ਦੇ ਵੱਖ ਵੱਖ ਪਿੰਡਾਂ ਤੇ ਸ਼ਹਿਰਾਂ ਵਿੱਚ ਮੋਟਰਸਾਈਕਲ ਮਾਰਚ ਬਲਾਕ ਕਨਵੀਨਰ ਪਰਮਵੀਰ ਸਿੰਘ ਘਲੋਟੀ ਅਤੇ ਹਾਕਮ ਸਿੰਘ ਜਰਗੜੀ ਦੀ ਅਗਵਾਈ ਹੇਠ ਕੱਢਿਆ ਗਿਆ। ਇਸ ਮੌਕੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਨੇ ਹਿੱਸਾ ਲਿਆ। ਮਾਰਚ ਦਾ ਮੁੱਖ ਮੰਤਵ 27 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦੇਣਾ ਅਤੇ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਬਰਨਾਲਾ ਵਿਖੇ ਹੋ ਰਹੀ ਸਾਮਰਾਜ ਵਿਰੋਧੀ ਕਾਨਫਰੰਸ ਵਿੱਚ ਸ਼ਮੂਲੀਅਤ ਕਰਵਾਉਣਾ ਸੀ। ‘ਲੋਕ ਏਕਤਾ ਜ਼ਿੰਦਾਬਾਦ, ਕਾਲੇ ਖੇਤੀ ਕਾਨੂੰਨ ਵਾਪਸ ਲਓ’ ਦੇ ਅਕਾਸ਼ ਗੂੰਜਾਊਂ ਨਾਅਰਿਆਂ ਨਾਲ ਮੋਟਰਸਾਈਕਲ ਮਾਰਚ ਫੋਕਲ ਪੁਆਇੰਟ ਘਲੋਟੀ ਤੋਂ ਚੱਲ ਕੇ ਘਲੋਟੀ, ਘੁਡਾਣੀ ਕਲਾਂ, ਰਾਣੋ, ਘੁਡਾਣੀ ਖੁਰਦ, ਪਾਇਲ, ਬਰਮਾਲੀਪੁਰ, ਮਲੀਪੁਰ ਅੜੈਚਾ, ਦੋਰਾਹਾ ਸਹਿਰ, ਦੋਰਾਹਾ ਪਿੰਡ, ਰਾਜਗੜ, ਅਜਨੌਦ, ਦੁੱਗਰੀ, ਦੋਬੁਰਜੀ, ਗਿੱਦੜੀ, ਬਿਲਾਸਪੁਰ, ਲਾਂਪਰਾ, ਕਟਾਹਰੀ, ਘਣਗਸ਼ ਹੋ ਕੇ ਰਾੜਾ ਸਾਹਿਬ ਵਿੱਚ ਸਮਾਪਤ ਹੋਇਆ। ਇਕੱਠਾਂ ਨੂੰ ਜ਼ਿਲ੍ਹਾ ਜਰਨਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਰਵਨਜੀਤ ਸਿੰਘ ਘਲੋਟੀ ਨੇ ਵੀ ਸੰਬੋਧਨ ਕੀਤਾ।