ਸਤਵਿੰਦਰ ਬਸਰਾ
ਲੁਧਿਆਣਾ, 16 ਨਵੰਬਰ
ਅਮਰ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਯਾਦ ਕਰਦਿਆਂ ਪੰਜਾਬ ਬਚਾਓ ਸੰਯੁਕਤ ਮੋਰਚਾ ਦੇ ਸੈਂਕੜੇ ਕਾਰਕੁਨਾਂ ਵੱਲੋਂ ਅੱਜ ਲੁਧਿਆਣਾ ਵਿੱਚ ਮੋਟਰਸਾਈਕਲ ਮਾਰਚ ਕੱਢਣ ਤੋਂ ਬਾਅਦ ਭਾਈ ਬਾਲਾ ਚੌਕ ਵਿੱਚ ਸ਼ਹੀਦ ਦੇ ਬੁੱਤ ’ਤੇ ਹਾਰ ਪਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਆਜ਼ਾਦੀ ਦੇ ਸੰਗਰਾਮ ਵਿਚ ਕਰਤਾਰ ਸਿੰਘ ਸਰਾਭਾ ਦੀ ਭੂਮਿਕਾ ਨੂੰ ਯਾਦ ਕਰਦਿਆਂ, ਉਨ੍ਹਾਂ ਵੱਲੋਂ ਲੋਕਤੰਤਰ ਧਰਮ ਨਿਰਪੱਖਤਾ ਅਤੇ ਨਿਆਂ ’ਤੇ ਆਧਾਰਿਤ ਸਮਾਜ ਦੀ ਸਿਰਜਣਾ ਦੇ ਵਿਚਾਰ ਨੂੰ ਅਮਲੀ ਜਾਮਾ ਪਹਿਨਾਉਣ ਦਾ ਪ੍ਰਣ ਲਿਆ। ਬੁਲਾਰਿਆਂ ਨੇ ਕਿਹਾ ਕਿ ਅੱਜ ਉਸ ਆਜ਼ਾਦੀ ਸੰਗਰਾਮ ਨੂੰ ਨੀਵਾਂ ਕਰ ਕੇ ਦਿਖਾਉਣ ਲਈ ਉਨ੍ਹਾਂ ਵੱਲੋਂ ਕੋਝੀ ਸਾਜ਼ਿਸ਼ ਹੋ ਰਹੀ ਹੈ, ਜਿਨ੍ਹਾਂ ਨੇ ਆਜ਼ਾਦੀ ਦੇ ਸੰਘਰਸ਼ ਵਿਚ ਡੱਕਾ ਵੀ ਦੂਹਰਾ ਨਹੀਂ ਕੀਤਾ ਬਲਕਿ ਅੰਗਰੇਜ਼ੀ ਸਾਮਰਾਜ ਨਾਲ ਮਿਲੇ ਰਹੇ ਤੇ ਉਨ੍ਹਾਂ ਦੀ ਦਲਾਲੀ ਕੀਤੀ। ਬੁਲਾਰਿਆ ਨੇ ਕੰਗਨਾ ਰਾਣੌਤ ਜਿਸ ਨੂੰ ਕਿ ਦੋ ਦਿਨ ਪਹਿਲਾਂ ਹੀ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ, ਵੱਲੋਂ ਇਹ ਬਿਆਨ ਕਿ ਆਜ਼ਾਦੀ ਭੀਖ ਵਿੱਚ ਮਿਲੀ ਹੈ, ਬਾਰੇ ਪ੍ਰਧਾਨ ਮੰਤਰੀ ਵਲੋਂ ਚੁੱਪ ਰਹਿਣਾ, ਉਨ੍ਹਾਂ ਦੀ ਸੋਚ ਨੂੰ ਸ਼ਰ੍ਹੇਆਮ ਉਜਾਗਰ ਕਰਦਾ ਹੈ। ਬੁਲਾਰਿਆਂ ਨੇ ਕਿਹਾ ਕਿ ਲੋਕ ਹਿੱਤੂ ਹਰ ਮੰਗ ਲਈ ਸਰਕਾਰ ਪੂਰੀ ਤਰ੍ਹਾਂ ਅਸਫਲ ਰਹੀ ਹੈ ਤੇ ਹੁਣ ਸਮਾਜ ਵਿੱਚ ਧਰਮ ਤੇ ਜਾਤ ਦੇ ਆਧਾਰ ’ਤੇ ਵੰਡੀਆਂ ਪਾ ਕੇ ਅਰਾਜਕਤਾ ਫੈਲਾਉਣ ਵਿੱਚ ਜੁਟੀ ਹੋਈ ਹੈ। ਇਸ ਮੌਕੇ ਸਭ ਤੋਂ ਪਹਿਲਾਂ ਠੇਕਾ ਅਤੇ ਆਊਟਸੋਰਸ ਮੁਲਾਜ਼ਮਾਂ ਨਾਲ ਸਰਕਾਰ ਵੱਲੋਂ ਕੀਤੇ ਧੋਖੇ ਦੀ ਨਿਖੇਧੀ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਜਿਥੇ ਕੇਂਦਰ ਸਰਕਾਰ ਵੱਲੋਂ ਕਰੋਨਾ ਦੀ ਆੜ ਵਿਚ ਤਿੰੰਨ ਖੇਤੀ ਕਾਲੇ ਕਾਨੂੰਨ ਪਾਸ ਕੀਤੇ ਗਏ, ਉਥੇ ਨਾਲ ਹੀ ਕਿਰਤ ਕਾਨੂੰਨਾਂ ਨੂੰ ਖ਼ਤਮ ਕਰ ਕੇ ਚਾਰ ਕੋਡ ਬਿੱਲ ਬਣਾਏ ਗਏ, ਜਿਸ ਕਰ ਕੇ ਮੁਲਾਜ਼ਮਾਂ ਅਤੇ ਮਜ਼ਦੂਰਾਂ ਵਿੱਚ ਵੱਡੀ ਪੱਧਰ ’ਤੇ ਸਰਕਾਰ ਦੇ ਵਿਰੁੱਧ ਰੋਸ ਹੈ। ਸਾਥੀ ਬਰਾੜ ਨੇ ਕਿਹਾ ਕਿ ਸਾਰੀਆਂ ਮੰਗਾਂ ਸਬੰਧੀ ਸੂਬੇ ਦੇ ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਔਰਤਾਂ ਅਤੇ ਹੋਰ ਸਮਾਜ ਦੇ ਸਾਰੇ ਵਰਗ 28 ਨਵੰਬਰ ਨੂੰ ਲੁਧਿਆਣਾ ਵਿੱਚ ਹੋਣ ਵਾਲੀ ਸੂਬਾਈ ਰੈਲੀ ਵਿਚ ਸ਼ਾਮਲ ਹੋਣਗੇ।