ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਸਤੰਬਰ
ਚੰਡੀਗੜ੍ਹ ਰੋਡ ’ਤੇ ਮੁੰਡੀਆਂ ਪਿੰਡ ਵਿੱਚ ਕਿਸੇ ਸਮਾਗਮ ’ਚ ਸ਼ਾਮਲ ਹੋਣ ਗਏ ਇੱਥੋਂ ਦੇ ਸੁਭਾਸ਼ ਨਗਰ ਰਹਿੰਦੇ ਰਾਜਨ ਨੇ ਦੇਰ ਰਾਤ ਰਸਤੇ ’ਚ ਕਿਸੇ ਵੀ ਤਰ੍ਹਾਂ ਦੀ ਵਾਰਦਾਤ ਤੋਂ ਬਚਣ ਲਈ ਪਤਨੀ ਤੇ ਦੋ ਧੀਆਂ ਨੂੰ ਆਪਣੇ ਹੋਰ ਰਿਸ਼ਤੇਦਾਰਾਂ ਨਾਲ ਇੱਕ ਕਾਰ ਵਿੱਚ ਭੇਜ ਦਿੱਤਾ ਤੇ ਖੁਦ ਮੋਟਰਸਾਈਕਲ ’ਤੇ ਗਿਆ ਸੀ ਪਰ ਰਸਤੇ ਵਿੱਚ ਕਾਰ ਹਾਦਸਾਗ੍ਰਸਤ ਹੋਣ ਕਾਰਨ ਪੰਜਾਂ ਦੀ ਮੌਤ ਹੋ ਗਈ। ਸਮਾਗਮ ਸਥਾਨ ਤੋਂ ਨਿਕਲਦੇ ਹੀ ਪੰਜ ਮਿੰਟਾਂ ਬਾਅਦ ਸੜਕ ਹਾਦਸਾ ਵਾਪਰ ਗਿਆ ਅਤੇ ਕੁੱਝ ਕੁ ਮਿੰਟਾਂ ਵਿੱਚ ਹੀ ਦੋ ਪਰਿਵਾਰ ਉੱਜੜ ਗਏ। ਰਾਜਨ ਦੀ ਪਤਨੀ, 2 ਬੱਚੀਆਂ ਅਤੇ ਰਾਜੇਸ਼ ਤੇ ਉਸ ਦੀ ਬੱਚੀ ਦੀ ਹਾਦਸੇ ਵਿੱਚ ਮੌਤ ਹੋਈ ਹੈ ਜਦਕਿ ਰਾਜੇਸ਼ ਦੀ ਪਤਨੀ ਗੰਭੀਰ ਜ਼ਖ਼ਮੀ ਹੈ।
ਕੁਝ ਸਮੇ ਪਹਿਲਾਂ ਖੁਸ਼ੀ ਵਾਲੇ ਪਰਿਵਾਰ ’ਚ ਰਾਤ ਨੂੰ ਮਾਤਮ ਛਾ ਗਿਆ। ਪਤਨੀ ਅਤੇ ਬੱਚਿਆਂ ਨੂੰ ਗਵਾਉਣ ਵਾਲੇ ਰਾਜਨ ਨੇ ਕਿਹਾ ਕਿ ਕਾਫ਼ੀ ਸਮੇਂ ਬਾਅਦ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਸਨ। ਉਹ ਵੀ ਰਿਸ਼ਤੇਦਾਰਾਂ ਨਾਲ ਮੁਲਾਕਾਤ ਲਈ ਸਮਾਗਮ ’ਚ ਪੁੱਜਿਆ ਸੀ ਪਰ ਇਹ ਮੁਲਾਕਾਤ ਆਖਰੀ ਸਿੱਧ ਹੋਈ। ਰਾਜਨ ਨੇ ਦੱਸਿਆ ਕਿ ਉਹ ਅਤੇ ਰਾਜੇਸ਼ ਦਾ ਪਰਿਵਾਰ ਬਿਹਾਰ ਦੇ ਸੀਤਾਮੜੀ ਇਲਾਕੇ ਦੇ ਹਨ। ਦੋਵੇਂ ਆਪਣੇ ਪਰਿਵਾਰ ਤੇ ਬੱਚਿਆਂ ਦਾ ਭਵਿੱਖ ਤਲਾਸ਼ਣ ਲਈ ਕੁਝ ਸਾਲ ਪਹਿਲਾਂ ਹੀ ਲੁਧਿਆਣਾ ਆਏ ਸਨ। ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਜਿਸ ਲੁਧਿਆਣਾ ’ਚ ਉਹ ਪਰਿਵਾਰ ਦਾ ਭਵਿੱਖ ਤਲਾਸ਼ਣ ਆਏ ਹਨ ਉਥੇ ਹੀ ਉਸ ਦਾ ਪਰਿਵਾਰ ਉੱਜੜ ਜਾਵੇਗਾ। ਰਾਜਨ ਨੇ ਕਿਹਾ ਕਿ ਰਾਜੇਸ਼ ਦੀ ਪਤਨੀ ਵੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ। ਉਸ ਦੀ ਹਾਲਤ ਵੀ ਗੰਭੀਰ ਹੈ।
ਦੇਰ ਰਾਤ ਨੂੰ ਜਿਵੇਂ ਹੀ ਹਾਦਸੇ ਦਾ ਪਤਾ ਲੱਗਿਆ ਤਾਂ ਸਮਾਗਮ ਦੌਰਾਨ ਖੁਸ਼ੀ ’ਚ ਸ਼ਾਮਲ ਹੋਏ ਸਾਰੇ ਰਿਸ਼ਤੇਦਾਰ ਘਟਨਾ ਸਥਾਨ ’ਤੇ ਪੁੱਜ ਗਏ। ਇਲਾਕਾ ਨਿਵਾਸੀਆਂ ਨੂੰ ਸਵੇਰੇ ਪਤਾ ਲੱਗਿਆ ਤਾਂ ਉਹ ਵੀ ਉੱਥੇ ਪੁੱਜੇ। ਸੁਭਾਸ਼ ਨਗਰ ਤੇ ਨਿਊ ਮਾਧੋਪੁਰੀ ਇਲਾਕੇ ਵਿੱਚ ਵੀ ਸੋਗ ਫੈਲ ਗਿਆ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਦੋਵੇਂ ਪਰਿਵਾਰ ਮਿਲਣਸਾਰ ਸਨ ਪਰ ਰੱਬ ਅੱਗੇ ਕਿਸੇ ਦੀ ਨਹੀਂ ਚੱਲਦੀ। ਜਦੋਂ ਦੇਰ ਸ਼ਾਮ ਪੰਜਾਂ ਦਾ ਸਸਕਾਰ ਕੀਤਾ ਗਿਆ ਤਾਂ ਹਰ ਅੱਖ ਨਮ ਸੀ।