ਗਗਨਦੀਪ ਅਰੋੜਾ
ਲੁਧਿਆਣਾ, 2 ਮਾਰਚ
ਸਿਵਲ ਹਸਪਤਾਲ ਵਿੱਚ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਦੇ ਤਹਿਤ ਰੇਡੀਓਲੋਜੀ ਤੇ ਲੈਬਾਰਟਰੀ ਡਾਇਗੋਨੈਸਿਟ ਲੈਬ ਸਥਾਪਤ ਹੋ ਗਈ ਹੈ। ਇਸ ’ਚ ਲੈਬਰਾਟਰੀ ਟੈਸਟ ਸ਼ੁਰੂ ਕਰ ਦਿੱਤੇ ਗਏ ਹਨ, ਇਸ ਦੇ ਨਾਲ ਹੀ 3 ਮਾਰਚ ਵੀਰਵਾਰ ਨੂੰ ਐੱਮਆਰਆਾਈ ਤੇ ਸੀਟੀ ਸਕੈਨ ਵੀ ਸ਼ੁਰੂ ਕਰ ਦਿੱਤੀ ਜਾਏਗੀ। ਸਿਵਲ ਹਸਪਤਾਲ ਰੇਡੀਓਲੋਜੀ ਤੇ ਲੈਬਾਰਟਰੀ ਟੈਸਟ ਹੋਰ ਸੈਂਟਰਾਂ ਦੀ ਤੁਲਨਾ ’ਚ 70 ਤੋਂ 80 ਫੀਸਦੀ ਤੱਕ ਸਸਤੇ ਭਾਅ ’ਤੇ ਹੋਣਗੇ। ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਦੇ ਤਹਿਤ ਪ੍ਰਾਈਵੇਟ ਕੰਪਨੀ ਕ੍ਰਿਸ਼ਨਾ ਡਾਇਗੋਨੈਸਟਿਕ ਲਿਮਟਿਡ ਦੇ ਨਾਲ ਸਮਝੌਤਾ ਹੋਇਆ ਸੀ। ਇਸ ਤੋਂ ਬਾਅਦ ਜਰਨਲ ਓਪੀਡੀ ਦੇ ਕੋਲ ਬਣੀ ਪੁਰਾਣੀ ਇਮਾਰਤ ਨੂੰ ਲੈਬ ਬਣਾਉਣ ਦੇ ਲਈ ਖਾਲੀ ਕੀਤਾ ਗਿਆ ਸੀ ਤੇ ਉਸ ’ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ। ਹੁਣ ਪ੍ਰਾਈਵੇਟ ਕੰਪਨੀ ਦੀ ਲੈਬ ਬਣ ਕੇ ਤਿਆਰ ਹੋ ਗਈ ਹੈ। ਸੈਂਟਰ ਦੇ ਮੈਨੇਜਰ ਅਜੈ ਕੁਮਾਰ ਨੇ ਦੱਸਿਆ ਕਿ ਮਰੀਜ਼ ਵੱਖ-ਵੱਖ ਬੀਮਾਰੀਆਂ ਦੀ ਜਾਂਚ ਲਈ ਕਰਵਾਏ ਜਾਣ ਵਾਲੇ ਟੈਸਟ ਸਰਕਾਰੀ ਭਾਅ ’ਤੇ ਸਸਤੇ ਵਿੱਚ ਕਰਵਾ ਸਕਣਗੇ। ਇੱਥੇ ਟੈਸਟ ਦੇ ਭਾਅ ਮਾਰਕੀਟ ਰੇਟ ਤੋਂ 70-80 ਫੀਸਦੀ ਘੱਟ ਹਨ। ਡਾਇਗੋਨੈਸਟਿਕ ਸੈਂਟਰ 7 ਦਿਨ, 24 ਘੰਟੇ ਖੁੱਲ੍ਹਾ ਰਹੇਗਾ। ਇੱਥੇ ਮਾਹਿਰ ਪੈਥੋਲਾਜਿਸਟ ਤੇ ਡਾਕਟਰ ਹਨ। ਮਰੀਜ਼ਾਂ ਨੂੰ ਲੈਬੋਰਟਰੀ ਟੈਸਟ ਦੀ ਰਿਪੋਰਟ ਵਟਸਐਪ ਤੇ ਮੇਲ ਰਾਹੀਂ ਵੀ ਮੁਹੱਈਆ ਕਰਵਾਈ ਜਾਵੇਗੀ। ਲੈਬੋਰਟਰੀ ਵਿੱਚ ਸਿਵਲ ਹਸਪਤਾਲ ਤੋਂ ਇਲਾਵਾ ਆਸਪਾਸ ਦੇ ਮਰੀਜ਼ ਵੀ ਟੈਸਟ ਕਰਵਾਉਣ ਲਈ ਆ ਸਕਦੇ ਹਨ। ਇਸ ਦੇ ਤਹਿਤ ਮਰੀਜ਼ਾਂ ਨੂੰ ਐੱਮਆਰਆਈ ਤੇ ਸਿਟੀ ਸਕੈਨ ਦੀ ਸਹੂਲਤ ਵੀ ਸਰਕਾਰੀ ਭਾਅ ’ਤੇ ਮੁੱਹਈਆ ਕਰਵਾਈ ਜਾਵੇਗੀ। ਇਸ ਦੇ ਨਾਲ ਲੈਬ ’ਚ ਕੰਪਲੀਟ ਹਿਮੋਗ੍ਰਾਮ, ਸੀਬੀਸੀ, ਆਰਬੀਸੀ ਕਾਊਂਟ, ਡੀਐੱਸਸੀ, ਪਲੇਟਲੈਟਸ, ਈਐੱਸਆਰ ਸਮੇਤ ਹੋਰ ਟੈਸਟ ਸਿਰਫ਼ 65 ਰੁਪਏ ’ਚ ਹੋਣਗੇ। ਜਦੋਂ ਕਿ ਬਾਹਰ ਇਨ੍ਹਾਂ ਟੈਸਟਾਂ ਦੇ 500 ਰੁਪਏ ਤੋਂ ਲੈ ਕੇ 1 ਹਜ਼ਾਰ ਤੱਕ ਵਸੂਲੇ ਜਾ ਰਹੇ ਹਨ। ਇਸ ਤੋਂ ਇਲਾਵਾ ਯੂਰਿਨ ਰੁਟੀਨ ਪੀਐਸ, ਸ਼ੂਗਰ, ਪ੍ਰਟੀਨ ਤੇ ਮਾਇਕ੍ਰੋਬਾਇਓਲਾਜੀ ਟੈਸਟ 18 ਰੁਪਏ ’ਚ ਹੋਣਗੇ।
ਐੱਮਆਰਆਈ ਤੇ ਸੀਟੀ ਸਕੈਨ ਦੀ ਫ਼ੀਸ ਕਾਫ਼ੀ ਘੱਟ
ਸਿਵਲ ਹਸਪਤਾਲ ਵਿੱਚ ਅੱਜ ਤੋਂ ਇਸ ਸੈਂਟਰ ਵਿੱਚ ਐੱਮਆਰਆਈ ਤੇ ਸੀਟੀ ਸਕੈਨ ਹੋਣੀ ਵੀ ਸ਼ੁਰੂ ਹੋ ਜਾਵੇਗੀ। ਇਸ ਲਈ ਵਿਦੇਸ਼ੀ ਮਸ਼ੀਨਾਂ ਇਸ ਸੈਂਟਰ ਵਿੱਚ ਪੁੱਜ ਗਈਆਂ ਹਨ ਤੇ ਉਹ ਇੱਥੇ ਸਥਾਪਤ ਕਰ ਦਿੱਤੀਆਂ ਗਈਆਂ ਹਨ, ਇਸ ਦੇ ਨਾਲ ਹੀ ਵੀਰਵਾਰ ਨੂੰ ਇਸ ਦੀ ਸ਼ੁਰੂਆਤ ਕਰ ਦਿੱਤੀ ਜਾਏਗੀ। ਇੱਥੇ ਐੱਮਆਰਆਈ 752 ਰੁਪਏ ਤੋਂ ਲੈ ਕੇ 2600 ਰੁਪਏ ਤੱਕ ਹੋ ਸਕੇਗੀ। ਇਸ ਦੇ ਨਾਲ ਹੀ ਸੀਟੀ ਸਕੈਨ 442 ਰੁਪਏ ਤੋਂ 2808 ਰੁਪਏ ਵਿੱਚ ਹੋਵੇਗੀ।
ਟੈਸਟਾਂ ਦੀ ਵੱਖੋ-ਵੱਖਰੀ ਫ਼ੀਸ
ਬਲੱਡ ਗਲੋਕੋਜ਼ (ਰੈਂਡਮ ) – 12 ਰੁਪਏ, ਬਲੱਡ ਗਰੁੱਪ – 12 ਰੁਪਏ, ਕਿਡਨੀ ਫੰਕਸ਼ਨ – 119 ਰੁਪਏ, ਲੀਵਰ ਫੰਕਸ਼ਨ – 119 ਰੁਪਏ, ਲਿਪਿਡ ਪ੍ਰੋਫਾਈਲ – 106 ਰੁਪਏ, ਟੀ3, ਟੀ4, ਟੀਐੱਸਐੱਚ- 96 ਰੁਪਏ, ਐੱਚਬੀ ਓ1 ਸੀ – 69 ਰੁਪਏ, ਸੀਰਮ ਫੈਰੀਟਿਨ – 53 ਰੁਪਏ, ਵਿਟਾਮਿਨ ਬੀ 12 – 119 ਰੁਪਏ, ਵਿਟਾਮਿਨ ਡੀ – 290 ਰੁਪਏ, ਫੋਲਿਕ ਐਸਿਡ – 158 ਰੁਪਏ।