ਗਗਨਦੀਪ ਅਰੋੜਾ
ਲੁਧਿਆਣਾ, 3 ਮਾਰਚ
ਸਨਅਤੀ ਸ਼ਹਿਰ ’ਚ ਸਿਵਲ ਹਸਪਤਾਲ ’ਚ ਪਬਲਿਕ ਪ੍ਰਾਈਵੇਟ ਪਾਟਨਰਸ਼ਿਪ ਮਾਡਲ ’ਤੇ ਖੋਲ੍ਹੇ ਗਏ ਰੇਡੀਓਲਾਜੀ ਤੇ ਲੈਬਾਰਟਰੀ ਡਾਇਗੋਨਿਸਟਿਕ ਸੈਂਟਰ ’ਚ ਵੀਰਵਾਰ ਨੂੰ ਐੱਮਆਰਆਈ ਤੇ ਸਿਟੀ ਸਕੈਨ ਦੀ ਸਹੂਲਤ ਵੀ ਸ਼ੁਰੂ ਹੋ ਗਈ ਹੈ। ਇਸ ਸੈਂਟਰ ’ਤੇ ਹੁਣ ਐੱਮਆਰਆਈ ਦੀ ਸ਼ੁਰੂਆਤ 1039 ਰੁਪਏ ਤੋਂ ਅਤੇ ਸੀਟੀ ਸਕੈਨ ਦੀ ਸ਼ੁਰੂਆਤ 442 ਰੁਪਏ ਤੋਂ ਹੋਵੇਗੀ। ਇਸ ਤੋਂ ਇਲਾਵਾ ਸੰਸਥਾ ਵੱਲੋਂ ਚਲਾਈ ਗਈ ਲੈਬਾਰਟਰੀ ’ਚ ਸਾਰੇ ਟੈਸਟ ਸਸਤੇ ਭਾਅ ’ਚ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਹਸਪਤਾਲ ’ਚ ਆਉਣ ਵਾਲੇ ਮਰੀਜ਼ਾਂ ਨੂੰ ਪ੍ਰਾਈਵੇਟ ਡਾਇਗੋਨੈਸਟਿਕ ਸੈਂਟਰ ’ਚ ਜਾਣਾ ਪੈਂਦਾ ਸੀ, ਪਰ ਹੁਣ ਉਨ੍ਹਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਹੋਵੇਗੀ। ਸੈਂਟਰ ਦੇ ਮੈਨੇਜਰ ਅਜੈ ਕੁਮਾਰ ਨੇ ਦੱਸਿਆ ਕਿ ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਤੇ ਕ੍ਰਿਸ਼ਨਾ ਡਾਇਗੋਨੈਸਟਿਕ ਲਿਮਟਿਡ ਦੇ ਨਾਲ ਪਬਲਿਕ ਪ੍ਰਾਈਵੇਟ ਪਾਟਰਨਰਸ਼ਿਪ ਦੇ ਤਹਿਤ ਕਰਾਰ ਹੋਇਆ ਹੈ, ਉਸੇ ਤਹਿਤ ਸਿਵਲ ਹਸਪਤਾਲ ਵਿੱਚ ਇਸ ਸੈਂਟਰ ’ਚ ਟੈਸਟ ਸਰਕਾਰੀ ਭਾਅ ’ਤੇ ਸਸਤੇ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਸਰਦੀਆਂ ’ਚ ਸਿਵਲ ਹਸਪਤਾਲ ’ਚ ਰੋਜ਼ਾਨਾ 500 ਤੋਂ 600 ਮਰੀਜ਼ ਅਤੇ ਗਰਮੀਆਂ ’ਚ 1000 ਦੇ ਕਰੀਬ ਰੋਜ਼ਾਨਾ ਮਰੀਜ਼ ਜਾਂਚ ਤੇ ਇਲਾਜ ਲਈ ਆਉਂਦੇ ਹਨ। ਆਰਥੋ, ਮੈਡੀਸਨ, ਐਮਰਜੈਂਸੀ ਤੇ ਈਐੱਨਟੀ ਵਿਭਾਗ ’ਚ ਆਉਣ ਵਾਲੇ ਕਰੀਬ 5 ਫੀਸਦੀ ਗੰਭੀਰ ਮਰੀਜ਼ਾਂ ਨੂੰ ਡਾਕਟਰਾਂ ਵੱਲੋਂ ਬੀਮਾਰੀ ਦੀ ਜਾਂਚ ਲਈ ਸੀਟੀ ਅਤੇ ਐੱਮਆਰਆਈ ਕਰਵਾਉਣ ਲਈ ਕਿਹਾ ਜਾਂਦਾ ਹੈ। ਸੰਸਥਾ ਵੱਲੋਂ ਸਾਰੇ ਟੈਸਟਾਂ ਦੇ ਭਾਅ ਦੀ ਸੂਚੀ ਲਾਈ ਗਈ ਹੈ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਨਾ ਆਵੇ।