ਨਿੱਜੀ ਪੱਤਰ ਪ੍ਰੇਰਕ
ਖੰਨਾ, 12 ਨਵੰਬਰ
ਕ੍ਰਿਸ਼ਨਾ ਟ੍ਰੇਡਰਜ਼ ਦਾਣਾ ਮੰਡੀ ਖੰਨਾ ਵਿੱਚ ਬਤੌਰ ਮੁਨਸ਼ੀ ਦਾ ਕੰਮ ਕਰਨ ਵਾਲੇ ਵਿਅਕਤੀ ਨੂੰ ਪੈਸੇ ਦੇ ਲਾਲਚ ’ਚ ਆਕੇ ਲੁੱਟ-ਖੋਹ ਦੀ ਕਹਾਣੀ ਘੜਨੀ ਮਹਿੰਗੀ ਪਈ। ਇਸ ਸਬੰਧੀ ਪੁਲੀਸ ਨੇ ਮੁੱਖ ਮੁਲਜ਼ਮ ਹਰਸ਼ਪ੍ਰੀਤ ਸਿੰਘ ਉਰਫ਼ ਜੱਸੂ ਵਾਸੀ ਰਾਮਗੜ੍ਹ ਸਰਦਾਰਾਂ (ਲੁਧਿਆਣਾ) ਅਤੇ ਉਸਦੇ ਦੋਸਤ ਗੌਰਵ ਸਿੰਘ ਨੂੰ ਅੱਠ ਲੱਖ ਰੁਪਏ ਸਣੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਐੱਸਐੱਸਪੀ ਅਸ਼ਵਨੀ ਗੁਟਿਆਲ ਨੇ ਦੱਸਿਆ ਕਿ ਹਰਸ਼ਪ੍ਰੀਤ ਸਿੰਘ ਉਰਫ਼ ਜੱਸੂ ਵਾਸੀ ਰਾਮਗੜ੍ਹ ਸਰਦਾਰਾਂ (ਲੁਧਿਆਣਾ), ਵਿਸ਼ਾਲ ਕੁਮਾਰ ਵਾਸੀ ਮੰਡੀ ਗੋਬਿੰਦਗੜ੍ਹ ਕੋਲ ਕ੍ਰਿਸ਼ਨਾ ਟ੍ਰੇਡਰਜ਼, ਦਾਣਾ ਮੰਡੀ ਖੰਨਾ ਵਿੱਚ ਬਤੌਰ ਮੁਨਸ਼ੀ ਦਾ ਕੰਮ ਕਰਦਾ ਸੀ। ਜੱਸੂ 11 ਨਵੰਬਰ ਨੂੰ ਦੁਪਹਿਰ ਕਰੀਬ 12 ਵਜੇ ਫਰਮ ਵਿੱਚੋਂ 8 ਲੱਖ ਰੁਪਏ ਦਾ ਚੈੱਕ ਲੈ ਕੇ ਬਰਧਾਲਾਂ ਬੈਂਕ ਵਿਚੋਂ ਕੈਸ਼ ਲੈਣ ਗਿਆ ਸੀ, ਜੋ ਬੈਂਕ ਵਿੱਚੋਂ ਪੈਸੇ ਕਢਵਾ ਕੇ ਆਪਣੇ ਮੋਟਰਸਾਈਕਲ ’ਤੇ ਵਾਪਸ ਆ ਰਿਹਾ ਸੀ। ਜੱਸੂ ਮੁਤਾਬਕ ਉਸ ਨੂੰ ਬਲਦੇਵ ਭੱਠਾ ਪਿੰਡ ਸਲੌਦੀ ਨੇੜੇ ਦੋ ਅਣਪਛਾਤੇ ਵਿਅਕਤੀਆਂ ਨੇ ਸਿਰ ਵਿੱਚ ਸੱਟ ਮਾਰ ਕੇ ਉਸ ਕੋਲੋਂ ਪੈਸੇ ਖੋਹ ਲਏ ਸਨ। ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਅੰਮ੍ਰਿਤਪਾਲ ਸਿੰਘ ਭਾਟੀ ਡੀਐੱਸਪੀ ਖੰਨਾ, ਸੁਖਅ੍ਰੰਮਿਤ ਡੀਐੱਸਪੀ (ਡੀ) ਅਤੇ ਥਾਣੇਦਾਰ ਦਵਿੰਦਰ ਸਿੰਘ ਇੰਚਾਰਜ ਚੌਕੀ ਈਸੜੂ ਥਾਣਾ ਸਦਰ ਦੇ ਸਟਾਫ਼ ਨੇ ਮੌਕੇ ’ਤੇ ਪੁੱਜ ਕੇ ਵਾਰਦਾਤ ਦਾ ਜਾਇਜ਼ਾ ਲਿਆ ਅਤੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ। ਇਸ ਦੌਰਾਨ ਸਾਹਮਣੇ ਆਇਆ ਕਿ ਹਰਸ਼ਪ੍ਰੀਤ ਸਿੰਘ ਉਰਫ਼ ਜੱਸੂ ਬਰਧਾਲਾਂ ਬੈਂਕ ਤੋਂ ਪੈਸਿਆਂ ਵਾਲਾ ਬੈਗ ਆਪਣੇ ਨਾਲ ਲੈ ਕੇ ਮੋਟਰਸਾਈਕਲ ’ਤੇ ਕੇ ਖੰਨਾ ਵੱਲ ਨੂੰ ਚੱਲ ਪਿਆ, ਬਿੱਗ ਰਿਜ਼ੋਰਟ ਤੱਕ ਹਰਸ਼ਪ੍ਰੀਤ ਸਿੰਘ ਸਹੀ ਸਲਾਮਤ ਪੈਸਿਆਂ ਵਾਲੇ ਬੈਗ ਸਮੇਤ ਆਉਂਦਾ ਦਿਖਾਈ ਦਿੱਤਾ ਪਰ ਪਿੰਡ ਸਲੌਦੀ ਦੇ ਪੈਟਰੋਲ ਪੰਪ ਦੇ ਕੈਮਰਿਆਂ ਵਿੱਚ ਉਸਦਾ ਬੈਗ ਦਿਖਾਈ ਨਹੀਂ ਦਿੱਤਾ ਜਦੋਂ ਕਿ ਉਹ ਸਹੀ ਸਲਾਮਤ ਜਾ ਰਿਹਾ ਸੀ। ਜੱਸੂ ਵੱਲੋਂ ਵਾਰਦਾਤ ਵਾਲੀ ਦੱਸੀ ਜਗ੍ਹਾ ਪਿੰਡ ਸਲੌਦੀ ਪੰਪ ਤੋਂ ਖੰਨਾ ਸਾਈਡ ਕਾਫ਼ੀ ਅੱਗੇ ਦੱਸੀ ਗਈ ਸੀ ਜਿਸ ਕਾਰ ਇਹ ਘਟਨਾ ਸ਼ੱਕ ਦੇ ਘੇਰੇ ਵਿੱਚ ਆ ਗਈ। ਪੁਲੀਸ ਨੇ ਹਰਸ਼ਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਡੂੰਘਾਈ ਨਾਲ ਪੁੱਛ-ਪੜਤਾਲ ਕੀਤੀ ਅਤੇ ਉਸ ਦੇ ਫੋਨ ਦੀ ਕਾਲ ਰਿਕਾਰਡ ਵਾਚਣ ਤੋਂ ਪਤਾ ਲੱਗਾ ਕਿ ਉਸ ਨੇ ਆਪਣੇ ਹੀ ਪਿੰਡ ਦੇ ਦੋਸਤ ਗੌਰਵ ਸਿੰਘ ਨਾਲ ਮਿਲ ਕੇ ਇਹ ਸਾਰੀ ਮਨਘੜਤ ਕਹਾਣੀ ਬਣਾਈ ਸੀ ਜੋ ਆਪਸ ਵਿੱਚ ਮਿਲ ਕੇ 8 ਲੱਖ ਰੁਪਏ ਹੜੱਪਣਾ ਚਾਹੁੰਦੇ ਸਨ। ਪੁਲੀਸ ਨੇ ਉਸਦੇ ਦੋਸਤ ਨੂੰ ਵੀ ਗੌਰਵ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਐੱਸਐੱਸਪੀ ਗੁਟਿਆਲ ਅਨੁਸਾਰ ਹਰਸ਼ਪ੍ਰੀਤ ਪਾਸੋਂ 5 ਲੱਖ ਰੁਪਏ ਅਤੇ ਗੌਰਵ ਸਿੰਘ ਪਾਸੋਂ 3 ਲੱਖ ਰੁਪਏ ਬਰਾਮਦ ਹੋਏ ਹਨ।