ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 19 ਅਗਸਤ
ਤਾਜਪੁਰ ਰੋਡ ਸਥਿਤ ਅੰਮ੍ਰਿਤ ਧਰਮ ਕੰਡੇ ਦੇ ਨੇੜੇ ਗੰਦੇ ਨਾਲੇ ’ਚੋਂ ਮਿਲੀ ਲਾਸ਼ ਦੀ ਪਛਾਣ ਹੋ ਗਈ ਹੈ। ਮ੍ਰਿਤਕ ਦੀ ਪਛਾਣ ਈਡਬਲਿਊਐੱਸ ਕਲੋਨੀ ਦੇ ਰਹਿਣ ਵਾਲੇ ਸ਼ਾਲੂ ਵਜੋਂ ਹੋਈ ਹ, ਜਿਸ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੇ ਆਪਣੇ ਦੋਸਤਾਂ ਨੇ ਕੀਤਾ ਸੀ। ਮੁਲਜ਼ਮ ਦਾ ਸ਼ਾਲੂ ਨਾਲ 10 ਹਜ਼ਾਰ ਰੁਪਏ ਦਾ ਲੈਣ-ਦੇਣ ਸੀ ਅਤੇ ਇਸੇ ਰੰਜਿਸ਼ ਕਾਰਨ ਮੁਲਜ਼ਮਾਂ ਨੇ ਪਹਿਲਾਂ ਉਸ ਨੂੰ ਕਾਰ ਨਾਲ ਟੱਕਰ ਮਾਰ ਦਿੱਤੀ ਅਤੇ ਫਿਰ ਉਸ ਦੇ ਮੂੰਹ ’ਤੇ ਇੱਟ-ਪੱਥਰ ਮਾਰ ਕੇ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਗੰਦੇ ਨਾਲੇ ਵਿੱਚ ਸੁੱਟ ਦਿੱਤਾ।
ਮੁਲਜ਼ਮਾਂ ਦੀ ਪਛਾਣ ਈਡਬਲਿਊਐੱਸ ਕਲੋਨੀ ਦੇ ਰਹਿਣ ਵਾਲੇ ਕੱਲੂ ਅਤੇ ਸੁਨੀਲ ਕੁਮਾਰ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਵਾਰਦਾਤ ਵਿੱਚ ਵਰਤੀ ਮਹਿੰਦਰਾ ਕਾਰ ਬਰਾਮਦ ਕਰ ਲਈ ਹੈ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਵਿੱਚ ਲੱਗੀ ਹੋਈ ਹੈ।
ਏਡੀਸੀਪੀ 4 ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਮੁਲਜ਼ਮ ਕੱਲੂ ਨੇ ਸ਼ਾਲੂ ਤੋਂ 10 ਹਜ਼ਾਰ ਰੁਪਏ ਲੁੱਟ ਲਏ ਸਨ। ਜਦੋਂ ਉਹ ਪੈਸੇ ਵਾਪਸ ਨਹੀਂ ਕਰ ਰਿਹਾ ਸੀ ਤਾਂ ਸ਼ਾਲੂ ਨੇ ਬਾਅਦ ਵਿੱਚ ਕੱਲੂ ਤੋਂ 10 ਹਜ਼ਾਰ ਰੁਪਏ ਖੋਹ ਲਏ, ਜਿਸ ਤੋਂ ਬਾਅਦ ਦੋਹਾਂ ਦੀ ਸ਼ਾਲੂ ਨਾਲ ਰੰਜਿਸ਼ ਸੀ। ਕਤਲ ਵਾਲੇ ਦਿਨ ਮੁਲਜ਼ਮ ਕੱਲੂ ਨੇ ਸ਼ਾਲੂ ਨੂੰ ਬੁਲਾਇਆ। ਮੁਲਜ਼ਮਾਂ ਨੇ ਪਹਿਲਾਂ ਸ਼ਾਲੂ ਨੂੰ ਮਹਿੰਦਰਾ ਬਲੇਰੋ ਕਾਰ ਨਾਲ ਟੱਕਰ ਮਾਰੀ ਅਤੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਕਤਲ ਕਰ ਦਿੱਤਾ। ਮੁਲਜ਼ਮਾਂ ਨੇ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਨਾਲੇ ਵਿੱਚ ਸੁੱਟ ਦਿੱਤਾ ਸੀ।