ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 15 ਸਤੰਬਰ
ਇੱਥੋਂ ਦੀ ਪੁਲੀਸ ਨੇ ਦੁਬਈ ਤੋਂ ਪਰਤੇ ਨੌਜਵਾਨ ਜਸਵੀਰ ਸਿੰਘ ਦੇ ਕਤਲ ਮਾਮਲੇ ਵਿੱਚ ਉਸ ਦੀ ਪਤਨੀ ਤੇ ਮਮੇਰੇ ਭਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਆਪਣੇ ਰਿਸ਼ਤੇ ’ਚ ਦਿਓਰ ਲੱਗਦੇ ਨੌਜਵਾਨ ਨਾਲ ਕਥਿਤ ਨਾਜਾਇਜ਼ ਸਬੰਧਾਂ ਕਾਰਨ ਮਮਤਾ ਨੇ ਉਸ ਹੱਥੋਂ ਆਪਣੇ ਪਤੀ ਨੂੰ ਕਤਲ ਕਰਵਾ ਦਿੱਤਾ। ਸਮਰਾਲਾ ਦੇ ਡੀ.ਐੱਸ.ਪੀ. ਵਰਿਆਮ ਸਿੰਘ ਅਤੇ ਇੰਸਪੈਕਟਰ ਵਿਨੋਦ ਕੁਮਾਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਨਾਮਜ਼ਦ ਸਾਰੇ ਕਥਿਤ ਦੋਸ਼ੀ ਮਮਤਾ, ਉਸ ਦਾ ਦਿਓਰ ਪਰਮਿੰਦਰ ਰਾਮ ਅਤੇ ਕਤਲ ਦੀ ਘਟਨਾ ’ਚ ਸਹਿਯੋਗ ਦੇਣ ਵਾਲਾ ਨਾਬਾਲਗ ਲੜਕਾ ਬਲਜਿੰਦਰ ਕੁਮਾਰ ਵਾਸੀ ਰਤਨਾਣਾ, ਥਾਣਾ ਰਾਹੋਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਡੀਐੱਸਪੀ ਵਰਿਆਮ ਸਿੰਘ ਨੇ ਦੱਸਿਆ ਕਿ ਦੁਬਈ ’ਚ ਰਹਿਣ ਕਾਰਨ ਜਸਵੀਰ ਸਿੰਘ ਦੀ ਪਤਨੀ ਮਮਤਾ ਦੇ ਨਾਜਾਇਜ਼ ਸਬੰਧ ਉਸ ਦੇ ਦਿਓਰ ਪਰਮਿੰਦਰ ਰਾਮ ਨਾਲ ਬਣ ਗਏ ਸਨ। ਹੁਣ ਜਦੋਂ ਉਹ ਵਿਦੇਸ਼ ਤੋਂ ਪਰਤ ਆਇਆ ਸੀ ਤਾਂ ਉਹ ਉਨ੍ਹਾਂ ਦੇ ਰਾਹ ’ਚ ਰੋੜਾ ਬਣਨ ਲੱਗ ਪਿਆ ਸੀ। ਮਮਤਾ ਨੇ ਪਰਮਿੰਦਰ ਰਾਮ ਨਾਲ ਮਿਲ ਕੇ ਯੋਜਨਾ ਬਣਾਈ ਅਤੇ ਆਪਣੇ ਪਤੀ ਜਸਵੀਰ ਸਿੰਘ ਨੂੰ ਪੀਲੀਏ ਦੀ ਦਵਾਈ ਲਈ ਰਾਹੋਂ ਭੇਜ ਦਿੱਤਾ। ਪਰਮਿੰਦਰ ਰਾਮ ਨੇ ਪਹਿਲਾਂ ਤੋਂ ਹੀ ਬਣਾਈ ਯੋਜਨਾ ਅਨੁਸਾਰ ਜਸਵੀਰ ਸਿੰਘ ਨੂੰ ਸ਼ਰਾਬ ਪਿਲਾਈ ਅਤੇ ਆਪਣੇ ਨਾਲ ਨਾਬਾਲਗ ਲੜਕੇ ਬਲਜਿੰਦਰ ਕੁਮਾਰ ਦੇ ਸਹਿਯੋਗ ਨਾਲ ਉਸ ਦੀ ਰੱਸੀ ਨਾਲ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਬਾਅਦ ’ਚ ਬੋਰੀ ’ਚ ਬੰਦ ਕਰ ਲਾਸ਼ ਨੂੰ ਬੇਅਬਾਦ ਖੂਹ ਵਿੱਚ ਸੁੱਟ ਦਿੱਤਾ। ਮਾਛੀਵਾੜਾ ਪੁਲੀਸ ਨੇ ਖੂਹ ’ਚੋਂ ਲਾਸ਼ ਬਰਾਮਦ ਕਰ ਲਈ ਹੈ। ਹੁਣ ਕਥਿਤ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਲਿਆ ਗਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਮਤਾ ਆਪਣੇ ਪਤੀ ਨੂੰ ਮਾਰ ਕੇ ਰਿਸ਼ਤੇ ’ਚ ਲੱਗਦੇ ਦਿਓਰ ਪਰਮਿੰਦਰ ਰਾਮ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਪਰਮਿੰਦਰ ਰਾਮ ਨੇ ਆਪਣੇ ਮਮੇਰੇ ਭਰਾ ਜਸਵੀਰ ਸਿੰਘ ਨੂੰ ਕਤਲ ਕਰ ਕੇ ਉਸ ਦੀ ਲਾਸ਼ ਨੂੰ ਬੇਆਬਾਦ ਖੂਹ ’ਚ ਸੁੱਟ ਦਿੱਤਾ ਅਤੇ ਉਸ ਦੀ ਜੇਬ ’ਚੋਂ ਮੋਬਾਈਲ, ਪਰਸ ਤੇ ਹੋਰ ਸ਼ਨਾਖ਼ਤੀ ਪੱਤਰ ਕੱਢ ਲਏ ਤਾਂ ਜੋ ਆਉਣ ਵਾਲੇ ਸਮੇਂ ’ਚ ਕਦੇ ਵੀ ਇਸ ਲਾਸ਼ ਬਾਰੇ ਕੋਈ ਸੁਰਾਗ ਜਾਂ ਉਸਦੀ ਪਛਾਣ ਨਾ ਹੋ ਸਕੇ।