ਗਗਨਦੀਪ ਅਰੋੜਾ
ਲੁਧਿਆਣਾ, 3 ਸਤੰਬਰ
ਵਿਆਹ ਕਰਵਾਉਣ ਤੋਂ ਮਨ੍ਹਾਂ ਕਰਨ ’ਤੇ ਬੀਤੇ ਦਿਨ ਇੱਥੇ ਦੇ ਜੋਧਾਂ ਇਲਾਕੇ ਵਿੱਚ ਇੱਕ ਬਿਊਟੀ ਪਾਰਲਰ ’ਚ ਦਾਖਲ ਹੋ ਕੇ ਆਪਣੀ ਦੋਸਤ ਦਾ ਕੈਂਚੀਆਂ ਮਾਰ ਕੇ ਕਤਲ ਕਰਨ ਵਾਲਾ ਨੌਜਵਾਨ ਅੱਜ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਜੋਧਾਂ ਦੀ ਪੁਲੀਸ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੀ ਪਛਾਣ ਪਿੰਡ ਸ਼ਾਹਜ਼ਾਦ ਵਾਸੀ ਰਵਿੰਦਰ ਕੌਰ ਉਰਫ਼ ਰੂਬੀ ਵਜੋਂ ਹੋਈ ਹੈ। ਉਨ੍ਹਾਂ ਉਸ ਦੀ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲੀਸ ਨੇ ਇਸ ਸਬੰਧੀ ਮੁਲਜ਼ਮ ਸੁਖਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲੀਸ ਨੇ ਦੱਸਿਆ ਕਿ ਤਲਕਾਸ਼ੁਦਾ ਰਵਿੰਦਰ ਕੌਰ ਕਰਤਾਰ ਕੰਪਲੈਕਸ ’ਚ ਬਣੇ ਬਿਊਟੀ ਪਾਰਲਰ ’ਚ ਨੌਕਰੀ ਕਰਦੀ ਸੀ। ਉਸ ਦੀ ਚਾਰ ਸਾਲਾਂ ਦੀ ਬੱਚੀ ਵੀ ਹੈ। ਸੁਖਦੀਪ ਪਿਛਲੇ ਤਿੰਨ-ਚਾਰ ਮਹੀਨੇ ਤੋਂ ਉਸ ਦਾ ਜਾਣਕਾਰ ਸੀ। ਦੋਵਾਂ ਵਿੱਚ ਦੋਸਤੀ ਹੋਈ ਤਾਂ ਦੋਵੇਂ ਮਿਲਣ ਲੱਗ ਗਏ। ਇਸ ਮਗਰੋਂ ਸੁਖਦੀਪ, ਰਵਿੰਦਰ ਕੌਰ ਨੂੰ ਵਿਆਹ ਕਰਨ ਲਈ ਮਜਬੂਰ ਕਰਨ ਲੱਗ ਪਿਆ ਪਰ ਰਵਿੰਦਰ ਉਸ ਨੂੰ ਮਨ੍ਹਾਂ ਕਰਦੀ ਰਹੀ। ਬੀਤੇ ਦਿਨ ਵੀ ਉਹ ਕੰਮ ’ਤੇ ਗਈ ਸੀ। ਕਰੀਬ ਸਾਢੇ ਕੁ 4 ਵਜੇ ਜਦੋਂ ਉਹ ਪਾਰਲਰ ’ਚ ਕੰਮ ਕਰ ਰਹੀ ਸੀ ਤਾਂ ਮੁਲਜ਼ਮ ਸੁਖਦੀਪ ਪਾਰਲਰ ਦੇ ਅੰਦਰ ਦਾਖਲ ਹੋ ਗਿਆ। ਉਸ ਨੇ ਆਉਂਦੇ ਹੀ ਰਵਿੰਦਰ ’ਤੇ ਇੱਕ ਤੋਂ ਬਾਅਦ ਇੱਕ ਚਾਕੂਆਂ ਨਾਲ ਵਾਰ ਕੀਤੇ ਅਤੇ ਫਰਾਰ ਹੋ ਗਿਆ। ਇਸ ਮਗਰੋਂ ਪੁਲੀਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਣ ਮਗਰੋਂ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਸੀਸੀਟੀਵੀ ਫੁਟੇਜ ਚੈੱਕ ਕੀਤੀ ਅਤੇ ਉਸ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ।
ਥਾਣਾ ਜੋਧਾਂ ਦੇ ਐੱਸਐੱਚਓ ਦਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁੱਢਲੀ ਪੁੱਛ-ਪੜਤਾਲ ਵਿੱਚ ਉਸ ਨੇ ਦੱਸਿਆ ਕਿ ਉਹ ਉਸ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਤੇ ਲੜਕੀ ਮਨ੍ਹਾਂ ਕਰ ਰਹੀ ਸੀ। ਇਸ ਤੋਂ ਬਾਅਦ ਉਸ ਨੇ ਗੁੱਸੇ ਵਿੱਚ ਆ ਕੇ ਪਹਿਲਾਂ ਲੜਕੀ ਦਾ ਚੁੰਨੀ ਨਾਲ ਗੱਲਾ ਘੁੱਟ ਦਿੱਤਾ ਤੇ ਫਿਰ ਬਾਅਦ ਵਿੱਚ ਬਿਊਟੀ ਪਾਰਲਰ ਵਿੱਚ ਵਰਤੀਆਂ ਜਾਣ ਵਾਲੀਆਂ ਕੈਂਚੀਆਂ ਨਾਲ ਹੀ ਉਸ ਦਾ ਕਤਲ ਕਰ ਦਿੱਤਾ।
ਸਹੁਰੇ ਨੇ ਹੀ ਗਲਾ ਘੁੱਟ ਕੇ ਕੀਤਾ ਸੀ ਨੂੰਹ ਦਾ ਕਤਲ; ਅੱਜ ਅਦਾਲਤ ’ਚ ਕੀਤਾ ਜਾਵੇਗਾ ਪੇਸ਼
ਲੁਧਿਆਣਾ: ਇੱਥੋਂ ਦੇ ਪ੍ਰਤਾਪ ਨਗਰ ਇਲਾਕੇ ’ਚ ਰਹਿਣ ਵਾਲੀ ਲਕਸ਼ਮੀ ਭਾਰਤੀ ਦਾ ਬੀਤੇ ਦਿਨ ਕਤਲ ਉਸ ਦੇ ਸਹੁਰੇ ਨੇ ਹੀ ਕੀਤਾ ਸੀ। ਥਾਣਾ ਡਵੀਜ਼ਨ ਨੰ. 6 ਦੀ ਪੁਲੀਸ ਨੇ ਜਾਂਚ ਦੌਰਾਨ ਲਕਸ਼ਮੀ ਭਾਰਤੀ ਦੇ ਸਹੁਰੇ ਗੋਭੀ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਸ਼ੱਕ ਦੀ ਸੂਈ ਜਦੋਂ ਉਸਦੇ ਸਹੁਰੇ ’ਤੇ ਗਈ ਤਾਂ ਪੁਲੀਸ ਨੇ ਉਸ ਨੂੰ ਪੁੱਛ-ਪੜਤਾਲ ਲਈ ਹਿਰਾਸਤ ’ਚ ਲੈ ਲਿਆ। ਸਖਤੀ ਨਾਲ ਪੁੱਛਗਿਛ ਕਰਨ ਤੋਂ ਬਾਅਦ ਉਸ ਨੇ ਦੋਸ਼ ਕਬੂਲ ਕਰ ਲਿਆ ਹੈ। ਇਸ ਦੌਰਾਨ ਪਤਾ ਲੱਗਾ ਕਿ ਗੋਭੀ ਲਾਲ ਆਪਣੀ ਨੂੰਹ ਲਕਸ਼ਮੀ ਭਾਰਤੀ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ, ਜਿਸ ਕਾਰਨ ਉਸ ਦਾ ਨੂੰਹ ਨਾਲ ਪਹਿਲਾਂ ਤੋਂ ਹੀ ਵਿਵਾਦ ਚੱਲ ਰਿਹਾ ਸੀ। ਇਸੇ ਕਰਕੇ ਉਸ ਨੇ ਕਤਲ ਕੀਤਾ। ਏਸੀਪੀ ਜੋਤੀ ਯਾਦਵ ਨੇ ਦੱਸਿਆ ਕਿ ਲਕਸ਼ਮੀ ਭਾਰਥੀ ਆਪਣੇ ਪਤੀ ਤੇ 2 ਬੱਚਿਆਂ ਨਾਲ ਵੱਖ ਰਹਿੰਦੀ ਸੀ। ਗੋਭੀ ਲਾਲ ਵੀ ਇਲਾਕੇ ’ਚ ਹੀ ਰਹਿੰਦਾ ਸੀ ਤੇ ਉਸ ਨੂੰ ਸ਼ੱਕ ਸੀ ਕਿ ਉਸ ਦੀ ਨੂੰਹ ਦੇ ਕਿਸੇ ਹੋਰ ਵਿਅਕਤੀ ਨਾਲ ਸਬੰਧ ਹਨ। ਉਹ ਨੂੰਹ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ, ਜਿਸ ਕਾਰਨ ਪਹਿਲਾਂ ਵੀ ਉਨ੍ਹਾਂ ’ਚ ਝਗੜਾ ਹੁੰਦਾ ਸੀ। ਇਸ ਤੋਂ ਬਾਅਦ ਬੇਟਾ ਤੇ ਨੂੰਹ ਵੱਖ ਰਹਿਣ ਲੱਗੇ। ਏਸੀਪੀ ਨੇ ਦੱਸਿਆ ਕਿ ਨੂੰਹ ’ਤੇ ਲਗਤਾਰ ਸ਼ੱਕ ਦੇ ਚੱਲਦੇ ਉਹ ਉਸ ਦਾ ਕਤਲ ਕਰਨਾ ਚਾਹੁੰਦਾ ਸੀ। ਮੁਲਜ਼ਮ ਗੋਭੀ ਲਾਲ ਨੂੰ ਪਤਾ ਸੀ ਕਿ ਉਸ ਦਾ ਲੜਕਾ ਆਪਣੇ ਕੰਮ ’ਤੇ 9 ਵਜੇ ਚਲਾ ਜਾਂਦਾ ਹੈ ਤੇ ਬੱਚੇ ਸਕੂਲ ਹੁੰਦੇ ਹਨ। ਇਸ ਦੌਰਾਨ ਵਿਚਲੇ ਸਮੇਂ ’ਚ ਮੁਲਜ਼ਮ ਨੇ ਉਸ ਦਾ ਕਤਲ ਕਰਨ ਦੀ ਯੋਜਨਾ ਉਲੀਕੀ। ਸ਼ੁੱਕਰਵਾਰ ਸਵੇਰੇ ਜਦੋਂ ਬੱਚੇ ਸਕੂਲ ਚਲੇ ਗਏ ਤੇ ਲੜਕਾ ਕੰਮ ’ਤੇ ਚਲਾ ਗਿਆ ਤਾਂ ਮੁਲਜ਼ਮ ਘਰ ਆਇਆ ਤੇ ਉਸ ਨੇ ਆਉਂਦੇ ਹੀ ਲਕਸ਼ਮੀ ’ਤੇ ਹਮਲਾ ਕਰ ਦਿੱਤਾ। ਏਸੀਪੀ ਨੇ ਦੱਸਿਆ ਕਿ ਜਦੋਂ ਜਾਂਚ ਕੀਤੀ ਗਈ ਤਾਂ ਕਈ ਗੱਲਾਂ ਅਜਿਹੀਆਂ ਸਾਹਮਣੇ ਆਈਆਂ ਜਿਸ ਤੋਂ ਬਾਅਦ ਪੁਲੀਸ ਨੂੰ ਔਰਤ ਦੇ ਸਹੁਰੇ ’ਤੇ ਸ਼ੱਕ ਹੋਇਆ। ਜਦੋਂ ਪੁਲੀਸ ਨੇ ਮੁਲਜ਼ਮ ਨੂੰ ਹਿਰਾਸਤ ’ਚ ਲੈ ਕੇ ਸਖਤੀ ਨਾਲ ਪੁੱਛਗਿਛ ਕੀਤੀ ਤਾਂ ਸਾਰਾ ਮਾਮਲਾ ਖੁੱਲ੍ਹ ਕੇ ਸਾਹਮਣੇ ਆ ਗਿਆ। ਪੁਲੀਸ ਹੁਣ ਮੁਲਜ਼ਮ ਨੂੰ ਐਤਵਾਰ ਅਦਾਲਤ ’ਚ ਪੇਸ਼ ਕਰੇਗੀ।