ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 18 ਅਪਰੈਲ
ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿੱਚ ਨਾਮ ਅਭਿਆਸ ਸਮਾਗਮ ਹੋਇਆ, ਜਿਸ ਵਿੱਚ ਸੰਗਤ ਨੇ ਨਾਮ ਬਾਣੀ ਅਤੇ ਗੁਰਬਾਣੀ ਕਥਾ ਵਿਚਾਰ ਸਰਵਣ ਕੀਤਾ। ਸ਼੍ਰੋਮਣੀ ਸਿੱਖ ਪ੍ਰਚਾਰਕ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਪ੍ਰਮਾਤਮਾ ਤੋਂ ਮਨੁੱਖਤਾ ਨੂੰ ਦੇਹ ਅਰੋਗਤਾ ਅਤੇ ਤੰਦਰੁਸਤੀ ਬਖਸ਼ਣ ਦੀ ਜੋਦੜੀ ਕੀਤੀ। ਇਸ ਮੌਕੇ ਗੁਰਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਵਿਦਿਆਰਥੀਆਂ ਨੇ ਰਾਗਾਤਮਿਕ ਧੁਨਾਂ ਵਿੱਚ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਗੁਰਮਤਿ ਵੀਚਾਰਾਂ ਅਤੇ ਨਾਮ ਸਿਮਰਨ ਨਾਲ ਸੰਗਤ ਨੂੰ ਜੋੜਿਆ। ਉਨ੍ਹਾਂ ਕਿਹਾ ਕਿ ਜਿਸ ਮਨੁੱਖ ਦਾ ਪ੍ਰਮਾਤਮਾ ਨਾਲ ਪਿਆਰ ਬਣ ਜਾਂਦਾ ਹੈ ਉਸ ਦਾ ਹਰ ਦੁੱਖ, ਹਰ ਦਰਦ ਅਤੇ ਹਰ ਭਰਮ-ਵਹਿਮ ਦੂਰ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਸ ਮਨੁੱਖ ਨੂੰ ਪ੍ਰਮਾਤਮਾ ਦੇ ਨਾਮ ਦਾ ਆਨੰਦ ਆ ਜਾਂਦਾ ਹੈ ਫਿਰ ਉਸ ਦੀ ਪ੍ਰੀਤ ਦੁਨੀਆਂ ਦੇ ਹੋਰ ਪਦਾਰਥਾਂ ਦੇ ਸੁਆਦਾਂ ਨਾਲ ਨਹੀਂ ਲੱਗਦੀ। ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵੀ ਵਰਤਾਇਆ ਗਿਆ।