ਰਾਮ ਗੋਪਾਲ ਰਾਏਕੋਟੀ
ਰਾਏਕੋਟ, 28 ਮਾਰਚ
ਅੱਜ ਸੀਟੂ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ ਨੇ ਸਾਥੀਆਂ ਸਮੇਤ ਨੰਗੇ ਧੜ ਪ੍ਰਦਰਸ਼ਨ ਕਰਨ ਤੋਂ ਬਾਅਦ ਆਪਣਾ ਲਾਇਸੰਸੀ ਅਸਲਾ ਥਾਣਾ ਸਦਰ ਰਾਏਕੋਟ ਵਿਚ ਜਮ੍ਹਾਂ ਕਰਵਾ ਦਿੱਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਮੇਰਾ ਜਾਂ ਮੇਰੇ ਪਰਿਵਾਰ ਦਾ ਕੋਈ ਜਾਨੀ-ਮਾਲੀ ਨੁਕਸਾਨ ਹੋਇਆ ਤਾਂ ਥਾਣਾ ਸਦਰ ਰਾਏਕੋਟ ਦੇ ਮੁਖੀ ਅਜਾਇਬ ਸਿੰਘ ਅਤੇ ਸੱਤਾਧਾਰੀ ਧਿਰ ਦੇ ਆਗੂ ਅਤੇ ਲੋਕ ਸਭਾ ਮੈਂਬਰ ਅਮਰ ਸਿੰਘ ਬੋਪਾਰਾਏ ਜ਼ਿੰਮੇਵਾਰ ਹੋਣਗੇ।
ਜ਼ਿਕਰਯੋਗ ਹੈ ਕਿ ਕਰੋਨਾ ਮਹਾਮਾਰੀ ਦੌਰਾਨ ਸਥਾਨਕ ਬੀਡੀਪੀਓ ਵੱਲੋਂ ਉਕਤ ਆਗੂ ’ਤੇ ਉਨ੍ਹਾਂ ਨਾਲ ਦੁਰਵਿਵਹਾਰ ਕਰਨ ਦੇ ਕਥਿਤ ਦੋਸ਼ਾਂ ਤਹਿਤ ਕੇਸ ਦਰਜ ਕਰਵਾਇਆ ਗਿਆ ਸੀ, ਜਿਸ ਨੂੰ ਆਧਾਰ ਬਣਾ ਕੇ ਇਹ ਕਾਰਵਾਈ ਕੀਤੀ ਗਈ ਹੈ। ਸਾਥੀ ਗੋਰਾ ਨੇ ਕਿਹਾ ਕਿ ਅਜੇ ਤੱਕ ਅਧਿਕਾਰੀ ਵਲੋਂ ਅਸਲਾ ਰੱਦ ਕਰਨ ਦੇ ਹੁਕਮ ਜਾਰੀ ਨਹੀਂ ਕੀਤੇ ਗਏ ਪਰ ਥਾਣਾ ਮੁਖੀ ਨੇ ਉਨ੍ਹਾਂ ਨੂੰ ਅਸਲਾ ਜਮ੍ਹਾਂ ਕਰਵਾਉਣ ਦੇ ਜ਼ੁਬਾਨੀ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਰਾਜਨੀਤਿਕ ਬਦਲਾ ਖੋਰੀ ਦੀ ਕਾਰਵਾਈ ਹੈ। ਇਸ ਮੌਕੇ ਉਨ੍ਹਾਂ ਨਾਲ ਰਾਜ ਜਸਵੰਤ ਸਿੰਘ, ਰੁਲਦਾ ਸਿੰਘ, ਭੁਪਿੰਦਰ ਸਿੰਘ, ਜਰਨੈਲ ਸਿੰਘ ਹਲਵਾਰਾ, ਮਨਦੀਪ ਸਿੰਘ ਜੌਹਲਾਂ ਤੇ ਕਰਮ ਚੰਦ ਆਦਿ ਹਾਜ਼ਰ ਸਨ।