ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਨਵੰਬਰ
ਸਿੱਖ ਪੰਥ ਦੀ ਮਹਾਨ ਸੰਸਥਾ ਜਵੱਦੀ ਟਕਸਾਲ ਵਿੱਖੇ ਅੱਜ ਨਾਮ ਅਭਿਆਸ ਸਮਾਗਮ ਹੋਇਆ ਜਿਸ ਵਿੱਚ ਸੰਗਤ ਨੇ ਵਧ ਚੜ੍ਹ ਕੇ ਸ਼ਮੂਲੀਅਤ ਕਰਦਿਆਂ ਗੁਰੂ ਜੱਸ ਸਰਵਣ ਕੀਤਾ। ਸ਼੍ਰੋਮਣੀ ਸਿੱਖ ਪ੍ਰਚਾਰਕ ਸੰਤ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਦੀ ਦੇਖ ਰੇਖ ਹੇਠ ਹੋਏ ਇਸ ਸਿਮਰਨ ਸਮਾਗਮ ਦੇ ਆਰੰਭ ਵਿੱਚ ਗੁਰਸ਼ਬਦ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਨੇ ਗੁਰਬਾਣੀ ਕੀਰਤਨ ਕੀਤਾ। ਉਪਰੰਤ ਸੰਤ ਬਾਬਾ ਅਮੀਰ ਸਿੰਘ ਨੇ ਸੰਗਤ ਨੂੰ ਨਾਮ ਸਿਮਰਨ ਅਤੇ ਗੁਰਮਤਿ ਵਿਚਾਰਾਂ ਨਾਲ ਜੋੜਿਆ। ਉਨ੍ਹਾਂ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ। ਉਨ੍ਹਾਂ ਦੱਸਿਆ ਕਿ ਸੰਤ ਬਾਬਾ ਸੁੱਚਾ ਸਿੰਘ ਵੱਲੋਂ ਗੁਰਮਤਿ ਸੰਗੀਤ ਸੰਮੇਲਨ ਦੀ ਸ਼ੁਰੂ ਕੀਤੀ ਲੜੀ ਤਹਿਤ 30ਵੇਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੀ ਆਰੰਭਤਾ 2 ਦਸੰਬਰ ਨੂੰ ਸ਼ਾਮ 6 ਵਜੇ ਹੋਵੇਗੀ। 2-3-4 ਦਸੰਬਰ ਨੂੰ ਰਾਤ ਦੇ ਸਮਾਗਮ ਵਿੱਚ ਹੋਣਗੇ ਜਦਕਿ 5 ਦਸੰਬਰ ਨੂੰ ਸਾਰਾ ਦਿਨ ਸਮਾਗਮ ਹੋਣਗੇ। ਜਿਨ੍ਹਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤਾਂ ਦੀ ਬਾਣੀ ਦਾ ਨਿਰਧਾਰਤ ਰਾਗਾਂ ਵਿੱਚ ਕੀਰਤਨ ਹੋਵੇਗਾ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਸਾਹਿਬ ਦੇ ਨਵੇਂ ਦਰਬਾਰ ਹਾਲ ਦਾ ਉਦਘਾਟਨ ਵੀ 2 ਦਸੰਬਰ ਨੂੰ ਹੋਵੇਗਾ।