ਲੁਧਿਆਣਾ: ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ, ਮਾਡਲ ਟਾਊਨ ਵਿੱਚ ਅੱਠਵਾਂ ਅੰਤਰ ਸਕੂਲ ਸ਼ਬਦ ਗਾਇਨ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਸ਼ਹਿਰ ਦੇ ਵੱਖ ਵੱਖ 22 ਸਕੂਲਾਂ ਦੀਆਂ ਟੀਮਾਂ ਨੇ ਸ਼ਿਰਕਤ ਕੀਤੀ। ਇਸ ਮੁਕਾਬਲੇ ਦੌਰਾਨ ਜੇਤੂ ਟਰਾਫੀ ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਹਿੱਸੇ ਆਈ। ਸਮਾਗਮ ਵਿੱਚ ਸਕੂਲ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਸਰਨਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੁਕਾਬਲੇ ਦੌਰਾਨ ਟੀਮਾਂ ਨੇ ਰਾਗ ਬਿਲਾਵਲ, ਰਾਗ ਮਲਾਰ, ਰਾਗ ਸਾਰੰਗ, ਰਾਗ ਭੈਰਵ, ਰਾਗ ਧਨਾਸਰੀ ਅਤੇ ਰਾਜ ਪਰਭਾਤੀ ਵਿੱਚ ਪੇਸ਼ਕਾਰੀਆਂ ਦਿੱਤੀਆਂ। ਇਸ ਮੁਕਾਬਲੇ ਦੀ ਜੇਤੂ ਰਹੀ ਟੀਮ ਨਨਕਾਣਾ ਸਾਹਿਬ ਪਬਲਿਕ ਸਕੂਲ ਨੂੰ ਟਰਾਫੀਆਂ ਦੇ ਨਾਲ ਨਾਲ 11 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਦੂਜਾ ਸਥਾਨ ਡੀਏਵੀ ਪਬਲਿਕ ਸਕੂਲ, ਬੀਆਰਐਸ ਨਗਰ ਸਕੂਲ ਨੇ ਫਸਟ ਰਨਰਅਪ ਟਰਾਫੀ ਜਦਕਿ ਅੰਮ੍ਰਿਤ ਇੰਡੋ ਕੈਨੇਡੀਅਨ ਦੇ ਹੱਥ ਸੈਕਿੰਡ ਰਨਰਅਪ ਟਰਾਫੀ ਆਈ। ਇੰਨਾਂ ਤੋਂ ਇਲਾਵਾ ਸਪਰਿੰਗ ਡੇਲ ਪਬਲਿਕ ਸਕੂਲ, ਗੁਰੂ ਨਾਨਕ ਪਬਲਿਕ ਸਕੂਲ, ਸਰਾਭਾ ਨਗਰ, ਬੀਸੀਐਮ ਬਸੰਤ ਐਵਨਿਊ ਅਤੇ ਗੁਰੂ ਨਾਨਕ ਇੰਟਰਨੈਸ਼ਨਲ ਸਕੂਲਾਂ ਨੂੰ ਉਤਸ਼ਾਹ ਵਧਾਊ ਇਨਾਮ ਦਿੱਤੇ ਗਏ। -ਖੇਤਰੀ ਪ੍ਰਤੀਨਿਧ