ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਜੂਨ
ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਦੋ ਦਿਨਾਂ ਸਮਾਗਮ ਸ਼ੁਰੂ ਹੋ ਗਏ। ਇਸ ਮੌਕੇ ਇੱਕ ਫੋਟੋ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ। ਇਹ ਪ੍ਰਦਰਸ਼ਨੀ ਉੱਘੇ ਫੋਟੋਗ੍ਰਾਫਰ ਅਤੇ ਵਾਤਾਵਰਨ ਪ੍ਰੇਮੀ ਜਨਮੇਜਾ ਸਿੰਘ ਜੌਹਲ ਵੱਲੋਂ ਕੁਦਰਤ ਥੀਮ ਉੱਪਰ ਖਿੱਚੀਆਂ ਤਸਵੀਰਾਂ ਦੇ ਆਧਾਰ ’ਤੇ ਲਗਾਈ ਗਈ ਹੈ। ਜਨਮੇਜਾ ਜੌਹਲ ਨੇ ਲੇਹ ਲੱਦਾਖ ਤੋਂ ਇਲਾਵਾ ਪੰਜਾਬ ਅਤੇ ਭਾਰਤ ਦੇ ਹੋਰ ਭਾਗਾਂ ਦੇ ਕੁਦਰਤੀ ਦ੍ਰਿਸ਼ਾਂ ਨੂੰ ਤਸਵੀਰਾਂ ਰਾਹੀਂ ਪ੍ਰਦਰਸ਼ਨੀ ਵਿੱਚ ਪ੍ਰਦਰਸ਼ਿਤ ਕੀਤਾ ਹੈ। ਇਸਦੇ ਨਾਲ ਹੀ ਫੋਟੋਗ੍ਰਾਫੀ ਅਤੇ ਪੋਸਟਰ ਬਣਾਉਣ ਦੇ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿੱਚ ਪੀਏਯੂ ਨਾਲ ਸਬੰਧਤ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਉਦਘਾਟਨੀ ਭਾਸ਼ਣ ਵਿੱਚ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਕਿਹਾ ਕਿ ਜਨਮੇਜਾ ਸਿੰਘ ਜੌਹਲ ਨੇ ਫੋਟੋਗ੍ਰਾਫੀ ਦੀ ਵਿਆਕਰਨ ਨੂੰ ਨਵੇਂ ਅਰਥ ਦਿੱਤੇ ਹਨ। ਕੁਦਰਤ ਉਨ੍ਹਾਂ ਦੀਆਂ ਤਸਵੀਰਾਂ ਵਿੱਚੋਂ ਆਪਣੇ ਦਿਲਕਸ਼ ਰੂਪ ਵਿੱਚ ਉਜਾਗਰ ਹੁੰਦੀ ਹੈ। ਜਨਮੇਜਾ ਸਿੰਘ ਜੌਹਲ ਦੀਆਂ ਇਹ ਤਸਵੀਰਾਂ ਪੀਏਯੂ ਦੇ ਉਭਰਦੇ ਫੋਟੋਗ੍ਰਾਫਰਾਂ ਅਤੇ ਕਲਾ ਪ੍ਰੇਮੀਆਂ ਨੂੰ ਕੁਦਰਤ ਦੇ ਹੋਰ ਕਈ ਪੱਖਾਂ ਨਾਲ ਜੋੜਨਗੀਆਂ। ਡਾ. ਬੁੱਟਰ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਬਿਹਤਰੀ ਲਈ ਲਗਾਤਾਰ ਯਤਨਸ਼ੀਲ ਰਹਿਣ ਅਤੇ ਹੋਰ ਬੂਟੇ ਲਾਉਣ ਲਈ ਵੀ ਪ੍ਰੇਰਿਤ ਕੀਤਾ। ਸਭਿਆਚਾਰਕ ਗਤੀਵਿਧੀਆਂ ਦੇ ਕੁਆਰਡੀਨੇਟਰ ਡਾ. ਜਸਵਿੰਦਰ ਕੌਰ ਬਰਾੜ ਨੇ ਦੱਸਿਆ ਕਿ ਦੂਜੇ ਦਿਨ ਕਾਰਟੂਨਿੰਗ ਤੋਂ ਇਲਾਵਾ ਵਾਤਾਵਰਨ ਬਾਰੇ ਇੱਕ ਮਾਹਿਰ ਦਾ ਭਾਸ਼ਣ ਕਰਵਾਇਆ ਜਾਵੇਗਾ।