ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਅਪਰੈਲ
ਸਨਅਤੀ ਸ਼ਹਿਰ ਦੇ ਡਾਬਾ ਨੇੜੇ ਬਾਬਾ ਮੁਕੰਦ ਸਿੰਘ ਨਗਰ ’ਚ ਸੋਮਵਾਰ ਨੂੰ ਫੈਕਟਰੀ ਦੀ ਡਿੱਗੀ ਇਮਾਰਤ ਵਿਚ ਹੁਣ ਤੱਕ ਚਾਰ ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ, ਜਿਸ ਵਿਚ ਦੋ ਦਿਨਾਂ ਤੋਂ ਐੱਨਡੀਆਰਐੱਫ਼ ਤੇ ਐੱਸਡੀਆਰਐੱਫ਼ ਦੀਆਂ ਟੀਮਾਂ ਲਗਾਤਾਰ ਮਲਬੇ ਨੂੰ ਹਟਾਉਣ ’ਚ ਜੁਟੀਆਂ ਹਨ। ਮਲਬੇ ’ਚ ਜ਼ਿੰਦਗੀ ਦੀ ਭਾਲ ਲਈ ਟੀਮਾਂ ਦਿਨ ਰਾਤ ਕੰਮ ਕਰ ਰਹੀਆਂ ਹਨ, ਪਰ ਮਲਬੇ ’ਚ ਕਿਸੇ ਵਿਅਕਤੀ ਦੇ ਦਬੇ ਹੋਣ ਦਾ ਸ਼ੱਕ ਹੁਣ ਬਹੁਤ ਘੱਟ ਹੈ। ਟੀਮ ਦੀ ਮੰਨੀਏ ਤਾਂ ਹਾਲੇ ਵੀ ਇਮਾਰਤ ਦਾ ਪੂਰਾ ਮਲਬਾ ਚੁੱਕਣ ਵਿਚ 2 ਦਿਨ ਹੋਰ ਲੱਗ ਸਕਦੇ ਹਨ। ਐੱਨਡੀਆਰਐੱਫ਼ ਨੇ ਲਾਈਫ਼ ਡਿਸਟੈਕਟਰ ਤੇ ਡਾਗ ਸੁਕੈਅਡ ਦੀ ਮਦਦ ਨਾਲ ਪੂਰੀ ਭਾਲ ਕਰ ਲਈ ਹੈ। ਜ਼ਿਕਰਯੋਗ ਹੈ ਬੀਤੇ ਦਿਨ ਜਿਵੇਂ ਹੀ ਸਵੇਰੇ ਬਿਲਡਿੰਗ ਡਿੱਗੀ ਤਾਂ ਉਸੇ ਵੇਲੇ ਐਨਡੀਆਰਐਫ਼ ਦੀ ਟੀਮ ਨੂੰ ਸੂਚਨਾ ਭੇਜ ਦਿੱਤੀ ਗਈ ਸੀ, ਸੋਮਵਾਰ ਸਵੇਰੇ ਤੋਂ ਹੀ ਲੁਧਿਆਣਾ ਵਿਚ ਐੱਨਡੀਆਰਐੱਫ਼ ਦੀ ਟੀਮ ਬਚਾਅ ਕਾਰਜ ਵਿਚ ਲੱਗੀ ਹੋਈ ਹੈ। ਉਨ੍ਹਾਂ ਦੇ ਕੋਲ 30-30 ਮੁਲਾਜ਼ਮਾਂ ਦੀਆਂ ਚਾਰ ਟੀਮਾਂ ਹਨ, ਜੋ ਵਾਰੋ ਵਾਰੀ ਕੰਮ ਕਰਦੀਆਂ ਹਨ। ਕਮਾਂਡਰ ਰਾਮ ਲਾਲ ਨੇ ਦੱਸਿਆ ਕਿ ਹਾਲੇ ਤੱਕ ਉਹ ਤੀਸਰੀ ਮੰਜ਼ਿਲ ਦੇ ਪੂਰੇ ਮਲਬੇ ਨੂੰ ਸਾਫ਼ ਕਰ ਚੁੱਕੇ ਹਨ। ਦੂਸਰੀ ਮੰਜ਼ਿਲ ਦੇ ਮਲਬੇ ਨੂੰ ਹਟਾਉਣ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਅਨੁਸਾਰ ਹੁਣ ਮਲਬੇ ’ਚ ਕਿਸੇ ਵਿਅਕਤੀ ਦੇ ਦੱਬੇ ਹੋਣ ਦਾ ਖਦਸ਼ਾ ਘੱਟ ਹੈ। ਇੱਥੇ ਦੇ ਇਲਾਕਾ ਭੀੜਾ ਹੋਣ ਕਰਕੇ ਵੱਡੀਆਂ ਮਸ਼ੀਨਾਂ ਲਿਆਉਣ ’ਚ ਪ੍ਰੇਸ਼ਾਨੀ ਹੁੰਦੀ ਹੈ, ਪਰ ਐੱਨਡੀਆਰਐੱਫ਼ ਆਪਣਾ ਕੰਮ ਕਰਨ ’ਚ ਲੱਗੀ ਹੋਈ ਹੈ।