ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 22 ਅਗਸਤ
ਦਿਨੋਂ-ਦਿਨ ਦੂਰ ਹੁੰਦੇ ਜਾ ਰਹੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਅਤੇ ਦੂਸ਼ਿਤ ਹੋ ਰਹੇ ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਪੌਦੇ ਲਾਉਣੇ ਸਮੇਂ ਦੀ ਲੋੜ ਹੈ। ਇਹ ਪ੍ਰਗਟਾਵਾ ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ ਨਿਰਮਲ ਕੁਟੀਆ ਸੰਤੋਖਸਰ ਸਾਹਿਬ ਪਿੰਡ ਮੱਲ੍ਹਾ ਵਿੱਚ ਸੰਗਤਾਂ ਦੇ ਰੁ-ਬ-ਰੂ ਹੁੰਦਿਆਂ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਾਣੀ ਵਰਗੀ ਵੱਡਮੁੱਲੀ ਦਾਤ ਨੂੰ ਬਚਾਉਣ ਲਈ ਝੋਨੇ ਵਰਗੀਆਂ ਵੱਧ ਪਾਣੀ ਨਾਲ ਪਲਣ ਵਾਲੀਆਂ ਫਸਲਾਂ ਤੋਂ ਕਿਨਾਰਾ ਕਰਨਾ ਚਾਹੀਦਾ ਹੈ ਇਸ ਦੇ ਬਦਲ ਵਜੋਂ ਬਾਗਬਾਨੀ, ਦਾਲਾਂ, ਗੰਨਾ ਅਤੇ ਸਬਜ਼ੀਆਂ ਦੀ ਕਾਸ਼ਤ ਕਰਨੀ ਚਾਹੀਦੀ ਹੈ। ਦਰਖੱਤਾਂ ਦੀ ਹੋ ਰਹੀ ਕਟਾਈ ’ਤੇ ਚਿੰਤਾ ਦਾ ਕਰਦਿਆਂ ਉਨ੍ਹਾਂ ਕਿਹਾ ਕਿ ਅਜੋਕਾ ਮਨੁੱਖ ਆਪਣੇ ਸਭ ਤੋਂ ਸੱਚੇ ਮਿੱਤਰ ਦਰੱਖਤਾਂ ਨੂੰ ਕੱਟ ਰਿਹਾ ਹੈ ਜੋ ਸਾਨੂੰ ਕੜਕਦੀ ਧੁੱਪ ਵਿਚ ਠੰਢੀ ਛਾਂ ਅਤੇ ਆਕਸੀਜਨ ਪ੍ਰਦਾਨ ਕਰਦੇ ਹਨ । ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣਾ ਅਤੇ ਪਾਣੀ ਦਾ ਪੱਧਰ ਠੀਕ ਰੱਖਣਾ ਇੱਕ ਵੱਡਾ ਤੋਹਫਾ ਹੋਵੇਗਾ। ਪਾਣੀ ਬਚਾਉਣਾ ਅਤੇ ਵੱਧ ਤੋਂ ਵੱਧ ਪੌਦੇ ਲਾਉਣ ਦਾ ਸੰਦੇਸ਼ ਦੇਣਾ ਚਾਹੀਦਾ ਹੈ। ਅੰਤ ਵਿਚ ਉਨ੍ਹਾ ਕਿਹਾ ਕਿ ‘ਆਪ ਸਰਕਾਰ’ ਕਿਸਾਨਾਂ ਨੂੰ ਫਸਲੀ ਚੱਕਰ ਵਿੱਚੋਂ ਕੱਢ ਕੇ ਸਹਾਇਕ ਖੇਤੀ ਧੰਦੇ ਪ੍ਰਦਾਨ ਕਰਨ ਲਈ ਸਕੀਮਾਂ ਤਿਆਰ ਕਰ ਰਹੀ ਹੈ। ਬਾਬਾ ਗੁਰਲਾਲ ਸਿੰਘ ਨੇ ਸੰਤ ਬਲਵੀਰ ਸਿੰਘ ਸੀਚੇਵਾਲ ਵਾਲਿਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਦਿਆ ਸਿੰਘ, ਡਾ. ਗੋਰਵ ਮਿੱਤਲ, ਕੋਮਲ ਦੇਵੀ, ਕੁਲਦੀਪ ਸਿੰਘ ਚਕਰ, ਜਗਜੀਤ ਸਿੰਘ ਸਿੱਧੂ, ਹਰਦੀਪ ਕੌਸ਼ਲ ਮੱਲ੍ਹਾ, ਰਣਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਸੰਦੀਪ ਸਿੰਘ ਹਾਜ਼ਰ ਸਨ।