ਪੱਤਰ ਪ੍ਰੇਰਕ
ਰਾਏਕੋਟ, 7 ਮਾਰਚ
ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਰਾਹਤ ਦੇਣ ਲਈ ਬਿਜਲੀ ਦੇ ਬਕਾਇਆ ਬਿੱਲ ਮਾਫ ਕਰਨ ਤੇ ਬਿਜਲੀ ਦੇ ਭਾਅ ਘਟਾਏ ਗਏ ਸਨ ਪਰ ਪਾਵਰਕੌਮ ਰਾਏਕੋਟ ਆਪਣੀਆਂ ਨਾਕਾਮੀਆਂ ਕਾਰਨ ਆਏ ਦਿਨ ਚਰਚਾ ’ਚ ਰਹਿੰਦਾ ਹੈ। ਇਸ ਦੀ ਤਾਜ਼ਾ ਮਿਸਾਲ ਸਥਾਨਕ ਸ਼ਹਿਰ ਦੇ ਮੁਹੱਲਾ ਪ੍ਰੇਮ ਨਗਰ ਦੀ ਰਹਿਣ ਵਾਲੀ ਵਿਧਵਾ ਔਰਤ ਕਿਰਨਜੀਤ ਕੌਰ ਨੂੰ ਆਏ ਲੱਖ ਰੁਪਏ ਦੇ ਬਿੱਲ ਤੋਂ ਵੇਖਣ ਨੂੰ ਮਿਲਦੀ ਹੈ।
ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਰਨਜੀਤ ਕੌਰ ਦੱਸਿਆ ਕਿ ਉਹ ਲੋਕਾਂ ਦੇ ਘਰਾਂ ’ਚ ਝਾੜੂ ਪੋਚਾ ਲਾ ਕੇ ਗੁਜ਼ਾਰਾ ਕਰਦੀ ਹੈ। ਉਸ ਦੇ ਘਰ ਵਿਚ ਕੋਈ ਏਸੀ ਜਾਂ ਹੀਟਰ ਤਕ ਨਹੀਂ ਹੈ। ਇਸ ਸਭ ਦੇ ਬਾਵਜੂਦ ਬਿਜਲੀ ਵਿਭਾਗ ਨੇ ਉਸ ਨੂੰ ਤਿੰਨ ਬੱਲਬਾਂ ਦਾ ਬਿੱਲ 1 ਲੱਖ 620 ਰੁਪਏ ਭੇਜਿਆ ਹੈ। ਉਨ੍ਹਾਂ ਕਿਹਾ ਕਿ ਉਸ ਦੇ ਘਰ ਦੇ ਮੀਟਰ ਦਾ ਲੋਡ 0.35 ਕਿਲੋਵਾਟ ਹੈ। ਉਹ ਅਨਸੂਚਿਤ ਜਾਤੀ ਨਾਲ ਸਬੰਧਿਤ ਹੋਣ ਕਰ ਕੇ ਪਹਿਲਾ ਹੀ ਮੀਟਰ ਮੁਆਫ਼ੀ ਦੀ ਸੁਵਿਧਾ ਅਧੀਨ ਚਲਦਾ ਹੈ।
ਬਿੱਲ ਦਰੁਸਤ ਕਰਵਾਉਣ ਲਈ ਉਹ ਦਫ਼ਤਰ ਦੇ ਗੇੜੇ ਮਾਰ-ਮਾਰ ਕੇ ਥੱਕ ਗਈ ਹੈ ਪਰ ਕੋਈ ਉਸ ਦੀ ਸੁਣਵਾਈ ਨਹੀਂ ਕਰ ਰਿਹਾ। ਕਿਰਨਜੀਤ ਕੌਰ ਨੇ ਕਿਹਾ ਕਿ ਪਹਿਲਾਂ ਉਸ ਦਾ ਸਿਰਫ਼ 30-35 ਰੁਪਏ ਬਿਜਲੀ ਬਿੱਲ ਆਉਦਾ ਸੀ ਪਰ 1 ਲੱਖ 620 ਰੁਪਏ ਦੇ ਇਸ ਬਿੱਲ ਨੇ ਉਸ ਨੂੰ ਪ੍ਰੇਸ਼ਾਨੀ ਵਿਚ ਪਾ ਦਿੱਤਾ ਹੈ।
ਮਾਮਲੇ ਦੀ ਪੜਤਾਲ ਕੀਤੀ ਜਾਵੇਗੀ: ਐਕਸੀਅਨ
ਇਸ ਸਬੰਧੀ ਪਾਵਰਕੌਮ ਦੇ ਐਕਸੀਅਨ ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਚੁੱਕਾ ਹੈ ਜਿਸ ਦੀ ਉਹ ਪੜਤਾਲ ਕਰਵਾਉਣਗੇ। ਉਨ੍ਹਾਂ ਕਿਹਾ ਕਿ ਪੜਤਾਲ ਮਗਰੋਂ ਕਾਰਵਾਈ ਕੀਤੀ ਜਾਵੇਗੀ।