ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਜਨਵਰੀ
ਹਲਕਾ ਪੂਰਬੀ ਵਿੱਚ ਅੱਜ ਵਿਧਾਇਕ ਸੰਜੈ ਤਲਵਾੜ ਤੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸੁਭਾਸ਼ ਨਗਰ ਮੁਹੱਲੇ ਵਿੱਚ ਟਿੱਬਾ ਥਾਣੇ ਦੇ ਅਧੀਨ ਇੱਕ ਨਵੀਂ ਪੁਲੀਸ ਚੌਕੀ ਜਨਤਾ ਨੂੰ ਸਮਰਪਿਤ ਕੀਤੀ। ਇਸ ਦੇ ਨਾਲ ਹੀ ਟਿੱਬਾ ਪੁਲੀਸ ਥਾਣੇ ਦੀ ਇਮਾਰਤ ਨੂੰ ਨਵਿਆਉਣ ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਇਲਾਵਾ ਹਲਕਾ ਪੂਰਬੀ ਵਿੱਚ ਪੈਂਦੇ ਵੱਖ-ਵੱਖ ਵਾਰਡਾਂ ਦੇ ਮੁੱਖ ਚੌਕਾਂ ਅਤੇ ਸੜਕਾਂ ’ਤੇ ਲੱਗਣ ਵਾਲੇ ਕੈਮਰਿਆਂ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਵਿਧਾਇਕ ਸੰਜੈ ਤਲਵਾੜ ਨੇ ਦੱਸਿਆ ਕਿ ਪੁਲੀਸ ਵਿਭਾਗ ਵੱਲੋਂ ਕਾਫੀ ਦੇਰ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਜੇਕਰ ਟਿੱਬਾ ਥਾਣੇ ਦੇ ਅਧੀਨ ਨਵੀਂ ਚੌਕੀ ਬਣਾ ਦਿੱਤੀ ਜਾਵੇ ਤਾਂ ਸ਼ਰਾਰਤੀ ਅਨਸਰਾਂ ’ਤੇ ਕਾਬੂ ਪਾਉਣਾ ਪੁਲੀਸ ਵਿਭਾਗ ਲਈ ਸੌਖਾ ਹੋ ਜਾਵੇਗਾ। ਇਸ ਤੋਂ ਬਾਅਦ ਅੱਜ ਸੁਭਾਸ਼ ਨਗਰ ਮੁੱਹਲੇ ਵਿੱਚ ਬਣੇ ਹੋਏ ਸ਼ਮਸਾਨ ਘਾਟ ਅਤੇ ਸਰਕਾਰੀ ਹਸਪਤਾਲ ਦੇ ਨਾਲ ਨਵੀਂ ਪੁਲੀਸ ਚੌਕੀ ਬਣਾ ਕੇ ਜਨਤਾ ਨੂੰ ਸਮਰਪਿਤ ਕੀਤੀ ਗਈ ਹੈ। ਵਿਧਾਇਕ ਤਲਵਾੜ ਨੇ ਦੱਸਿਆ ਕਿ ਹਲਕਾ ਪੂਰਬੀ ਦੇ ਟਿੱਬਾ ਥਾਣੇ ਦੀ ਇਮਾਰਤ ਕਾਫੀ ਛੋਟੀ ਅਤੇ ਪੁਰਾਣੀ ਬਣੀ ਹੋਈ ਸੀ ਅਤੇ ਇਸ ਥਾਣੇ ਵਿੱਚ ਆਉਣ ਵਾਲੇ ਲੋਕਾਂ ਨੂੰ ਕਾਫੀ ਸਹੂਲਤਾ ਦੀ ਜ਼ਰੂਰਤ ਸੀ। ਇਸ ਲਈ ਟਿੱਬਾ ਥਾਣੇ ਦੀ ਇਮਾਰਤ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਮਾਰਤ ’ਤੇ ਕਰੀਬ 50 ਲੱਖ ਰੁਪਏ ਖ਼ਰਚ ਆਉਣਗੇ ਤੇ 4-5 ਮਹੀਨਿਆਂ ਵਿੱਚ ਇੱਥੇ ਦਾ ਸਾਰਾ ਕੰਮ ਮੁਕੰਮਲ ਹੋ ਜਾਏਗਾ। ਉਨ੍ਹਾਂ ਦੱਸਿਆ ਕਿ ਹਲਕਾ ਪੂਰਬੀ ਵਿੱਚ 75 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਕੈਮਰੇ ਲਗਾਉਣ ਦਾ ਕੰਮ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਮੌਕੇ ਸੰਯੁਕਤ ਪੁਲੀਸ ਕਮਿਸ਼ਨਰ ਰਵਚਰਨ ਸਿੰਘ ਬਰਾੜ, ਏਸੀਪੀ ਸੁਰਿੰਦਰ ਪਾਲ ਧੋਗੜੀ, ਕੌਸ਼ਲਰ ਨਰੇਸ਼ ਉੱਪਲ, ਹਰਜਿੰਦਰ ਪਾਲ ਲਾਲੀ ਤੇ ਕੁਲਦੀਪ ਜੰਡਾ ਆਦਿ ਮੌਜੂਦ ਸਨ।