ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 5 ਜੂਨ
ਰੈੱਡ ਕਰਾਸ ਲੁਧਿਆਣਾ ਦੇ ਪੰਘੂੜੇ ’ਚੋਂ ਮਿਲੀ ਨਵਜੰਮੀ ਬੱਚੀ ਨੂੰ ਐੱਸਜੀਬੀ ਫਾਊਂਡੇਸ਼ਨ ਦੇ ਧਾਮ ਤਲਵੰਡੀ ਖੁਰਦ ਸਥਿਤ ਬਾਲ ਘਰ ਦੇ ਸਪੁਰਦ ਕੀਤਾ ਗਿਆ ਹੈ। ਇਸ ਬੱਚੀ ਨੂੰ ਪਿਛਲੇ ਦਿਨੀਂ ਆਏ ਹਨੇਰੀ ਝੱਖੜ ਦੌਰਾਨ ਅਣਪਛਾਤੇ ਮਹਾਨਗਰ ਲੁਧਿਆਣਾ ਦੇ ਪੰਘੂੜੇ ’ਚ ਰੱਖ ਕੇ ਚਲੇ ਗਏ ਸਨ।
ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਧਾਮ ਤਲਵੰਡੀ ਖੁਰਦ ਦੇ ਸਕੱਤਰ ਕੁਲਦੀਪ ਸਿੰਘ ਮਾਨ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਕਮਲਜੀਤ ਕੌਰ ਨੇ ਰੈੱਡ ਕਰਾਸ ਦੇ ਸਰਾਭਾ ਨਗਰ ਸਥਿਤ ਪੰਘੂੜੇ ’ਚੋਂ ਕਰੀਬ ਦੋ ਦਿਨਾਂ ਦੀ ਲੜਕੀ ਪ੍ਰਾਪਤ ਹੋਣ ਦੀ ਜਾਣਕਾਰੀ ਦਿੱਤੀ ਸੀ। ਇਸ ਸਬੰਧ ’ਚ ਚਾਈਲਡ ਲਾਈਨ-1098 ਦੀ ਟੀਮ ਭੇਜ ਕੇ ਬੱਚੀ ਦਾ ਡਾਕਟਰੀ ਇਲਾਜ ਕਰਵਾਇਆ ਗਿਆ ਜਿਸ ਨੂੰ ਡਾਕਟਰਾਂ ਵਲੋਂ ਤੰਦਰੁਸਤ ਐਲਾਨੇ ਜਾਣ ਮਗਰੋਂ ਬਾਲ ਭਲਾਈ ਕਮੇਟੀ ਲੁਧਿਆਣਾ ਨੇ ਹੁਣ ਮੁਢਲੇ ਪਾਲਣ ਪੋਸ਼ਣ ਅਤੇ ਗੋਦ ਦੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਸਵਾਮੀ ਗੰਗਾ ਨੰਦ ਭੂਰੀ ਵਾਲੇ ਬਾਲ ਘਰ ਧਾਮ ਤਲਵੰਡੀ ਖੁਰਦ ਭੇਜਿਆ ਹੈ। ਮਾਪੇ ਜਾਂ ਵਾਰਸ ਨਾ ਮਿਲਣ ਦੀ ਸੂਰਤ ’ਚ ਤਿੰਨ ਮਹੀਨਿਆਂ ਬਾਅਦ ਬਾਲ ਭਲਾਈ ਕਮੇਟੀ ਬੱਚੀ ਨੂੰ ਗੋਦ ਦੇਣ ਦੀ ਕਾਰਵਾਈ ਸ਼ੁਰੂ ਕਰੇਗੀ।
ਇਸ ਮੌਕੇ ਆੜ੍ਹਤੀ ਸੇਵਾ ਸਿੰਘ ਖੇਲਾ, ਜਗਜੀਤ ਸਿੰਘ ਆਰਕੀਟੈਕਟ, ਏਕਮਦੀਪ ਕੌਰ ਗਰੇਵਾਲ, ਮਮਤਾ ਚੌਧਰੀ ਕੋਆਰਡੀਨੇਟਰ, ਹਰਜੀਤ ਸਿੰਘ ਟੀਮ ਮੈਂਬਰ, ਮਨਿੰਦਰ ਸਿੰਘ ਮਾਜਰੀ ਆਦਿ ਮੌਜੂਦ ਸਨ।