ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 1 ਅਪਰੈਲ
ਮੌਜੂਦਾ ਸਮੇਂ ’ਚ ਸਰਮਾਏਦਾਰ ਲੋਕ ਵਿਆਹਾਂ ’ਤੇ ਲੱਖਾਂ ਰੁਪਏ ਖਰਚ ਕੇ ਆਪਣੇ-ਆਪ ਨੂੰ ਵੱਡਾ ਦਿਖਾਉਣ ਦੀ ਹੋੜ੍ਹ ’ਚ ਲੱਗੇ ਹੋਏ ਹਨ, ਉੱਥੇ ਹੀ ਬਿਨਾ ਖਰਚੇ ਦੇ ਸਾਦੇ ਵਿਆਹ ਕਰਨ ਵਾਲੇ ਲੋਕ ਸਮਾਜ ’ਚ ਨਵੀਆਂ ਪਿਰਤਾਂ ਸਿਰਜ ਰਹੇ ਹਨ। ਅਜਿਹਾ ਇੱਕ ਵਿਆਹ ਪਿੰਡ ਦੁੱਗਰੀ ਦੇ ਕਾਮਰੇਡ ਸੁਰਿੰਦਰ ਸਿੰਘ ਦੀ ਧੀ ਜਸਪ੍ਰੀਤ ਕੌਰ ਦਾ ਮਾਝੇ ਦੀ ਇਤਿਹਾਸਕ ਨਗਰੀ ਤਰਨ ਤਾਰਨ ਦੇ ਨਿਸ਼ਾਨ ਸਿੰਘ ਬਾਠ ਨਾਲ ਸਾਦੇ ਢੰਗ ਅਤੇ ਬਿਨਾ ਦਾਜ ਲੈਣ-ਦੇਣ ਦੇ ਹੋਇਆ। ਲਾੜਾ ਬਰਾਤ ਵਿਚ ਤੇਰਾਂ ਬਰਾਤੀਆਂ ਨੂੰ ਨਾਲ ਲੈ ਕੇ ਪੁੱਜਾ। ਵਿਆਹ ਮੌਕੇ ਲੜਕਾ ਅਤੇ ਲੜਕੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਅਨੰਦ ਕਾਰਜ ਦੀ ਰਸਮ ਨਿਭਾਈ। ਇਸ ਮੌਕੇ ਸ਼ਗਨ ਪਾਉਣ ਦੀ ਸਖ਼ਤ ਮਨਾਹੀ ਸੀ। ਵਿਆਹ ਵਿੱਚ ਡੀਜੇ ਦੇ ਸ਼ੋਰ ਤੋਂ ਗੁਰੇਜ ਕਰਦਿਆਂ ਲੜਕੀ ਦੇ ਪਰਿਵਾਰ ਵੱਲੋਂ ਬਰਾਤੀਆਂ ਦੇ ਮਨੋਰੰਜਨ ਲਈ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੀ ਟੀਮ ਵੱਲੋਂ ਨਾਟਕ ਖੇਡੇ ਗਏ। ਸਮਾਗਮ ਦੌਰਾਨ ਕਾਮਰੇਡ ਸੁਰਿੰਦਰ ਸਿੰਘ ਵੱਲੋਂ ਕਿਤਾਬਾਂ ਭੇਟ ਕੀਤੀਆਂ ਗਈਆਂ।