ਗਗਨਦੀਪ ਅਰੋੜਾ
ਲੁਧਿਆਣਾ, 22 ਮਾਰਚ
ਜ਼ਿਲ੍ਹਾ ਲੁਧਿਆਣਾ ਵਿਚ ਪ੍ਰਸ਼ਾਸਨ ਵੱਲੋਂ ਲਾਇਆ ਰਾਤ ਦਾ ਕਰਫਿਊ ਰੋਜ਼ਾਨਾ ਵੱਧਦੇ ਕਰੋਨਾ ਦੇ ਕੇਸਾਂ ਸਾਹਮਣੇ ਬੇਅਸਰ ਸਾਬਤ ਹੋ ਰਿਹਾ ਹੈ। ਪ੍ਰਸ਼ਾਸਨ ਨੇ ਮਾਸਕ ਨਾ ਪਾਉਣ ਵਾਲੇ ਲੋਕਾਂ ਦਾ ਕਰੋਨਾ ਟੈਸਟ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ, ਪਰ ਫਿਰ ਵੀ ਲੋਕ ਇਸ ਨੂੰ ਹਲਕੇ ’ਚ ਲੈ ਰਹੇ ਹਨ। ਅੱਜ ਜ਼ਿਲ੍ਹਾ ਲੁਧਿਆਣਾ ’ਚ ਕੁੱਲ 379 ਕੇਸ ਪਾਜ਼ੇਟਿਵ ਆਏ ਹਨ, ਜਿਨ੍ਹਾਂ ’ਚੋਂ 341 ਕੇਸ ਲੁਧਿਆਣਾ ਤੇ ਬਾਕੀ ਹੋਰਨਾਂ ਜ਼ਿਲ੍ਹਿਆਂ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਅੱਜ 5 ਲੋਕਾਂ ਦੀ ਮੌਤ ਹੋਈ ਹੈ, ਇਸ ’ਚ 2 ਲੁਧਿਆਣਾ, ਇੱਕ ਹੁਸ਼ਿਆਰਪੁਰ, ਇੱਕ ਨਵਾਂ ਸ਼ਹਿਰ ਤੇ ਇੱਕ ਜਲੰਧਰ ਨਾਲ ਸਬੰਧਤ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ’ਚ ਮ੍ਰਿਤਕਾਂ ਦੀ ਗਿਣਤੀ ਦਾ ਅੰਕੜਾ ਹੁਣ 1085 ’ਤੇ ਪੁੱਜ ਗਿਆ ਹੈ। ਇਸ ਤੋਂ ਇਲਾਵਾ ਐਕਟਿਵ ਕੇਸਾਂ ਦੀ ਗਿਣਤੀ 2019 ਹੋ ਗਈ ਹੈ। ਅੱਜ ਆਏ ਕਰੋਨਾ ਕੇਸਾਂ ’ਚ 5 ਅਧਿਆਪਕ, 13 ਵਿਦਿਆਰਥੀ ਅਤੇ 7 ਸਕੂਲ ਸਟਾਫ਼ ਮੈਂਬਰ ਸ਼ਾਮਲ ਹਨ। ਅਧਿਆਪਕਾਂ ’ਚ ਸਰਕਾਰੀ ਸਕੂਲ ਜਰਖੜ ਤੋਂ ਇੱਕ, ਸੈਕਟਰ ਹਾਰਟ ਸਕੂਲ ਬੀਆਰਐਸ ਨਗਰ ਤੋਂ 1, ਡੀਏਵੀ ਸਕੂਲ ਪੱਖੋਵਾਲ ਰੋਡ ਤੋਂ 1, ਟੀਸੀਵਾਈ ਇੰਸਟੀਚਿਊਟ ਤੋਂ ਇੱਕ ਤੇ ਜੀਪੀਐੱਸ ਸਕੂਲ ਘੁਡਾਣੀ ਕਲਾਂ ਤੋਂ ਇੱਕ ਅਧਿਆਪਕ ਸ਼ਾਮਲ ਹੈ। ਸਰਕਾਰੀ ਸਕੂਲ ਰਕਬਾ ਤੋਂ ਚਾਰ, ਸਰਕਾਰੀ ਸਕੂਲ ਗੌਂਸਲਾ ਤੋਂ ਚਾਰ, ਚੱਕ ਕਲਾਂ ਸਥਿਤ ਸਰਕਾਰੀ ਸਕੁਲ ਤੋਂ 2, ਮਲਟੀਪਰਪਜ਼ ਸਕੂਲ ਤੋਂ 1, ਜੀਐਮਟੀ ਇੰਟਰਨੈਸ਼ਨਲ ਸਕੂਲ ਤੋਂ 1 ਤੇ ਪੀਸੀਟੀਆਈ ਬੱਦੋਵਾਲ ਕਾਲਜ ਤੋਂ ਇੱਕ ਵਿਦਿਆਰਥੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ਤੋਂ ਇਲਾਵਾ ਸਰਕਾਰੀ ਕਾਲਜ ਲੜਕੀਆਂ ਤੋਂ 6 ਅਤੇ ਸਰਕਾਰੀ ਸਕੂਲ ਗੌਂਸਲਾਂ ਤੋਂ ਇੱਕ ਸਟਾਫ਼ ਮੈਂਬਰ ਪਾਜ਼ੇਟਿਵ ਆਇਆ ਹੈ।
ਮਾਸਕ ਨਾ ਪਾਉਣ ਵਾਲਿਆਂ ਲਈ 20 ਥਾਵਾਂ ’ਤੇ ਲੱਗੇ ਨਾਕੇ
ਲੁਧਿਆਣਾ: ਇਥੋਂ ਦੀ ਪੁਲੀਸ ਨੇ ਮਾਸਕ ਨਾ ਪਾਉਣ ਵਾਲੇ ਲੋਕਾਂ ਦੇ ਕਰੋਨਾ ਟੈਸਟ ਕਰਵਾਉਣ ਲਈ 20 ਥਾਵਾਂ ’ਤੇ ਨਾਕੇ ਲਗਾਏ ਹਨ, ਜਿਸ ਨੂੰ ਕੈਂਪ ਦਾ ਨਾਮ ਦਿੱਤਾ ਗਿਆ ਹੈ। ਇਸ ਵਿੱਚ ਰੋਜ਼ਾਨਾ ਪਹਿਲਾਂ 200 ਤੋਂ ਉਪਰ ਤੇ ਹੁਣ ਪਿਛਲੇ 2 ਦਿਨਾਂ ’ਚ 300 ਤੋਂ ਉਪਰ ਕਰੋਨਾ ਕੇਸ ਸਾਹਮਣੇ ਆ ਰਹੇ ਹਨ। ਪੁਲੀਸ ਕਮਿਸ਼ਨਰੇਟ ਨੇ ਆਖਿਆ ਕਿ ਪੁਲੀਸ ਬਗੈਰ ਮਾਸਕ ਵਾਲਿਆਂ ਦਾ ਚਲਾਨ ਤਾਂ ਕੱਟੇਗੀ ਤੇ ਨਾਲ ਹੀ ਉਨ੍ਹਾਂ ਦਾ ਕਰੋਨਾ ਟੈਸਟ ਵੀ ਕਰਵਾਇਆ ਜਾਵੇਗਾ। ਜੁਆਇੰਟ ਪੁਲੀਸ ਕਮਿਸ਼ਨਰ ਸਿਟੀ ਦੀਪਕ ਪਾਰਕ ਨੇ ਦੱਸਿਆ ਕਿ ਕਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ, ਜਿਸ ’ਚ ਸਰਕਾਰੀ ਹਦਾਇਤਾਂ ਅਨੁਸਾਰ ਲੋਕਾਂ ਨੂੰ ਮਾਸਕ ਪਾ ਕੇ ਬਾਹਰ ਨਿਕਲਣ ਲਈ ਆਖਿਆ ਗਿਆ ਹੈ, ਪਰ ਲੋਕ ਬਿਨਾ ਮਾਸਕ ਦੇ ਬਾਹਰ ਨਿਕਲ ਰਹੇ ਹਨ। ਜਿਸ ਕਾਰਨ ਉਹ ਖੁਦ ਦੇ ਨਾਲ ਨਾਲ ਲੋਕਾਂ ਦੀ ਜਾਨ ਨੂੰ ਖਤਰੇ ’ਚ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਪੁਲੀਸ ਵੱਲੋਂ 20 ਦੇ ਕਰੀਬ ਕੈਂਪ ਲਾਏ ਗਏ, ਜਿਨਾਂ ’ਚ ਥਾਣਾ ਇੰਚਾਰਜਾਂ ਦੀਆਂ ਡਿਊਟੀਆਂ ਲਾਈਆਂ ਗਈਆਂ। ਉਨ੍ਹਾਂ ਕਿਹਾ ਕਿ ਜੋ ਲੋਕ ਪੈਸੇ ਦੇਣ ਦੇ ਸਮਰੱਥ ਹਨ, ਉਨ੍ਹਾਂ ਦੇ ਚੱਲਾਨ ਵੀ ਕੱਟੇ ਜਾ ਰਹੇ ਹਨ। ਰਿਕਸ਼ਾ ਚਾਲਕ ਜਾਂ ਫਿਰ ਮਜ਼ਦੂਰਾਂ ਨੂੰ ਛੱਡਿਆ ਜਾ ਰਿਹਾ ਹੇ। ਉਨ੍ਹਾਂ ਨੂੰ ਚੇਤਾਵਨੀ ਦੇ ਕੇ ਸਿਰਫ਼ ਕਰੋਨਾ ਟੈਸਟ ਕਰਵਾਉਣ ਤੋਂ ਬਾਅਦ ਛੱਡ ਦਿੱਤਾ ਗਿਆ।