ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 18 ਜੁਲਾਈ
ਥਾਣਾ ਸੁਧਾਰ ਦੀ ਪੁਲੀਸ ਨੂੰ ਲੁੱਟ-ਖੋਹ ਦੀ ਵਾਰਦਾਤ ਵਿੱਚ ਲੋੜੀਂਦੇ ਨਿਹੰਗ ਰਣਜੋਧ ਸਿੰਘ ਨੇ ਆਪਣੇ ਕੁਝ ਹੋਰ ਸਾਥੀਆਂ ਸਣੇ ਹਵਾਈ ਸੈਨਾ ਗਾਰਡ ਰੂਮ ਨੇੜੇ ਪੁਲੀਸ ਦੇ ਪੱਕੇ ਨਾਕੇ ਲਾਗੇ ਟੈਕਸੀ ਡਰਾਈਵਰ ਸੁਖਜਿੰਦਰ ਸਿੰਘ ਉਰਫ਼ ਬੀਰੀ ’ਤੇ ਕਿਰਪਾਨਾਂ ਅਤੇ ਡਾਂਗਾਂ ਨਾਲ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਮਾਰੂ ਹਥਿਆਰਾਂ ਨਾਲ ਲੈਸ ਨਿਹੰਗਾਂ ਦੇ ਧੜੇ ਨੇ ਟੈਕਸੀ ਸਟੈਂਡ ’ਤੇ ਬੈਠੇ ਸੁਖਜਿੰਦਰ ਸਿੰਘ ਉੱਪਰ ਅਚਾਨਕ ਹਮਲਾ ਕਰ ਦਿੱਤਾ ਅਤੇ ਸੁਖਜਿੰਦਰ ਸਿੰਘ ਨੇ ਨੇੜੇ ਹੀ ਇਕ ਬੈਂਕ ਵਿੱਚ ਦਾਖ਼ਲ ਹੋ ਕੇ ਆਪਣੀ ਜਾਨ ਬਚਾਈ। ਮੌਕੇ ’ਤੇ ਮੌਜੂਦ ਟੈਕਸੀ ਚਾਲਕਾਂ ਨੇ ਲੋਕਾਂ ਦੀ ਮਦਦ ਨਾਲ ਸੁਖਜਿੰਦਰ ਨੂੰ ਸੁਧਾਰ ਦੇ ਸਰਕਾਰੀ ਹਸਪਤਾਲ ਇਲਾਜ ਲਈ ਪਹੁੰਚਾਇਆ।
ਜ਼ਿਕਰਯੋਗ ਹੈ ਕਿ ਪੀੜਤ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਤਰਨਾ ਦਲ ਦੇ ਕੁਝ ਨਿਹੰਗਾਂ ਨੇ ਪਿੰਡ ਅਕਾਲਗੜ੍ਹ ਵਿੱਚ ਵਿਧਵਾ ਮਨਜੀਤ ਕੌਰ ਦੀ ਕੋਠੀ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਪੀੜਤ ਵਿਧਵਾ ਮਨਜੀਤ ਕੌਰ ਦੀ ਮਦਦ ਕਰਨ ਬਦਲੇ ਨਿਹੰਗ ਸਿੰਘ ਸੁਖਜਿੰਦਰ ਸਿੰਘ ਦੀ ਜਾਨ ਦੇ ਦੁਸ਼ਮਣ ਬਣ ਗਏ ਹਨ। ਸੁਖਜਿੰਦਰ ਸਿੰਘ ਦੇ ਬਿਆਨਾਂ ’ਤੇ ਸੁਧਾਰ ਪੁਲੀਸ ਨੇ ਨਿਹੰਗ ਕੁਲਵੰਤ ਸਿੰਘ ਸੋਢੀ, ਬਘੇਲ ਸਿੰਘ ਉਰਫ਼ ਰਾਜਾ, ਰਣਜੋਧ ਸਿੰਘ ਉਰਫ਼ ਭੋਲਾ ਅਤੇ ਗੁਰਦੀਪ ਸਿੰਘ ਵਾਸੀ ਅਕਾਲਗੜ੍ਹ ਸਣੇ ਕੁਝ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸੁਖਜਿੰਦਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਨਿਹੰਗਾਂ ਵੱਲੋਂ ਚੋਰੀ ਕੀਤੀ ਜਾ ਰਹੀ ਬਿਜਲੀ ਸਪਲਾਈ ਵੀ ਬਿਜਲੀ ਅਧਿਕਾਰੀਆਂ ਵੱਲੋਂ ਕੱਟ ਦਿੱਤੀ ਗਈ ਸੀ, ਇਸ ਕਾਰਨ ਸੁਖਜਿੰਦਰ ਸਿੰਘ ਨੂੰ ਨਿਹੰਗ ਸਿੰਘਾਂ ਨੇ ਧਮਕੀਆਂ ਵੀ ਦਿੱਤੀਆਂ ਸਨ। ਜਾਂਚ ਅਫ਼ਸਰ ਥਾਣੇਦਾਰ ਜਸਵਿੰਦਰ ਸਿੰਘ ਅਨੁਸਾਰ ਗ੍ਰਿਫ਼ਤਾਰੀ ਲਈ ਵਿਵਾਦਿਤ ਕੋਠੀ ਤੇ ਹੋਰ ਸੰਭਾਵੀ ਟਿਕਾਣਿਆਂ ’ਤੇ ਛਾਪੇ ਮਾਰੇ ਜਾ ਰਹੇ ਹਨ।