ਦੇਵਿੰਦਰ ਸਿੰਘ ਜੱਗੀ
ਪਾਇਲ, 14 ਮਾਰਚ
ਨੇੜਲੇ ਪਿੰਡ ਰੋਹਣੋ ਖੁਰਦ ਦੇ ਮੌਜੂਦਾ ਸਰਪੰਚ ਨਛੱਤਰ ਕੌਰ ਦੀਆਂ ਘਰ ਵਿੱਚ ਖੜੀਆਂ 8 ਮੱਝਾਂ ਅਤੇ 1 ਗਾਂ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਮੱਝਾਂ ਦੇ ਮਾਲਕ ਪਰਮਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਚਾਰ ਵਜ਼ੇ ਦੇ ਕਰੀਬ ਰੋਜ਼ਾਨਾ ਦੀ ਤਰ੍ਹਾਂ ਧਾਰਾਂ ਚੋਣ ਲਈ ਪਸ਼ੂਆਂ ਵਾਲੇ ਤਬੇਲੇ ’ਚ ਗਏ ਤਾਂ ਪਸ਼ੂ ਜਮੀਨ ’ਤੇ ਡਿੱਗੇ ਪਏ ਸਨ ਤੇ ਇਕ ਗਾਂ ਅਤੇ ਅੱਠ ਮੱਝਾਂ ਦੀ ਮੌਤ ਹੋ ਚੁੱਕੀ ਸੀ। ਇਸ ਵਾਪਰੀ ਘਟਨਾ ਦੀ ਸੂਚਨਾ ਪੁਲੀਸ ਚੌਕੀ ਇੰੰਚਾਰਜ ਈਸੜੂ ਦੇ ਬਲਵੀਰ ਸਿੰਘ ਨੂੰ ਦਿੱਤੀ ਗਈ ਤਾਂ ਉਸੇ ਵਕਤ ਐੱਸਐੱਚਓ ਹੇਮੰਤ ਕੁਮਾਰ ਪੁਲੀਸ ਪਾਰਟੀ ਸਮੇਤ ਘਟਨਾ ਸਥਾਨ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ। ਐੱਸਐੱਚਓ ਹਿੰਮਤ ਕੁਮਾਰ ਮਲਹੋਤਰਾ ਨੇ ਘਟਨਾ ਦੀ ਜਾਣਕਾਰੀ ਹਾਸਲ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਘਟਨਾ ਵਿੱਚ ਮਰਨ ਵਾਲੇ ਪਸ਼ੂਆਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪਿੰਡ ਦੀ ਸਰਪੰਚ ਨਛੱਤਰ ਕੌਰ ਦੇ ਪੁੱਤਰ ਪਰਮਿੰਦਰ ਸਿੰਘ ਦੀ ਜਾਣਕਾਰੀ ਅਨੁਸਾਰ ਕਿ ਸਾਡੇ ਪਸੂਆਂ ਨੂੰ ਕਿਸੇ ਵਿਕਤੀ ਨੇ ਕੋਈ ਜ਼ਹਿਰੀਲਾ ਪਦਾਰਥ ਦਿੱਤਾ ਗਿਆ ਇਸ ਕਰਕੇ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਇਸ ਦੇ ਅਧਾਰ ’ਤੇ ਘਰ ਲੱਗੇ ਸੀਸੀਟੀਵੀ ਕੈਮਰੇ ਲੱਗੇ ਚੈੱਕ ਕੀਤੇ ਜਾ ਰਹੇ ਹਨ। ਮੌਕੇ ’ਤੇ ਪਹੁੰਚੇ ਬਲਾਕ ਸਮਿਤੀ ਚੇਅਰਮੈਨ ਸਤਨਾਮ ਸਿੰਘ ਸੋਨੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਭਰੋਸਾ ਦਿਵਾਇਆ ਕਿ ਸਰਕਾਰ ਵੱਲੋਂ ਪਰਿਵਾਰ ਦੀ ਪੂਰੀ ਆਰਥਿਕ ਸਹਾਇਤਾ ਕੀਤੀ ਜਾਵੇਗੀ। ਵੈਟਰਨਰੀ ਡਾਕਟਰ ਰਣਦੀਪ ਕੌਸ਼ਲ ਨੇ ਦੱਸਿਆ ਕਿ ਡਾਕਟਰਾਂ ਦੀ ਟੀਮ ਜਾਂਚ ਕਰ ਰਹੀ ਹੈ ਅਤੇ ਪਸ਼ੂਆਂ ਨੂੰ ਪਾਏ ਚਾਰੇ ਅਤੇ ਫੀਡ ਦੇ ਸੈਂਪਲ ਜਾਂਚ ਲਈ ਲੈਬਾਰਟਰੀ ਨੂੰ ਭੇਜੇ ਗਏ ਹਨ ਅਤੇ ਰਿਪੋਰਟ ਆਉਣ ਉਪਰੰਤ ਮੌਤ ਦੇ ਕਾਰਨਾਂ ਦਾ ਪਤਾ ਲਗੇਗਾ।