ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 13 ਮਾਰਚ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ 23 ਮਾਰਚ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ਨੂੰ ਸਮਰਪਿਤ ਅਤੇ ਕਿਸਾਨ ਸੰਘਰਸ਼ ਦੀ ਮਜ਼ਬੂਤੀ ਲਈ ਸੁਧਾਰ ਬਲਾਕ ਦੇ ਪਿੰਡਾਂ ਵਿਚ ਨੁੱਕੜ ਨਾਟਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਪਿੰਡ ਰਾਜੋਆਣਾ, ਹੇਰਾਂ, ਐਤੀਆਣਾ, ਸੁਧਾਰ ਅਤੇ ਤੁਗਲ ਵਿਚ ਇਪਟਾ ਮੋਗਾ ਦੀ ਟੀਮ ਵੱਲੋਂ ਕਿਸਾਨੀ ਸੰਕਟ ਨੂੰ ਰੂਪਮਾਨ ਕਰਦਾ ਨਾਟਕ ‘ਡਰਨਾ’ ਖੇਡਿਆ ਗਿਆ। ਪਿੰਡਾਂ ਵਿਚ ਹਰ ਉਮਰ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਬਲਾਕ ਪ੍ਰਧਾਨ ਸਰਬਜੀਤ ਸਿੰਘ ਸੁਧਾਰ ਦੀ ਅਗਵਾਈ ਵਿਚ ਵੱਖ-ਵੱਖ ਪਿੰਡਾਂ ਵਿੱਚ ਹੋਏ ਇਕੱਠਾਂ ਨੂੰ ਕਿਸਾਨ ਆਗੂਆਂ ਜਗਤਾਰ ਸਿੰਘ ਦੇਹੜਕਾ, ਇੰਦਰਜੀਤ ਸਿੰਘ ਧਾਲੀਵਾਲ, ਜਸਬੀਰ ਸਿੰਘ ਅਕਾਲਗੜ੍ਹ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਰਜਿੰਦਰ ਸਿੰਘ ਅਤੇ ਹਰਜਿੰਦਰ ਕੌਰ ਨੇ ਸੰਬੋਧਨ ਕਰਦਿਆਂ ਖੇਤੀ ਸਬੰਧੀ ਕਾਲੇ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਨੂੰ ਤੇਜ਼ ਕਰਨ ਦਾ ਸੱਦਾ ਦਿੰਦਿਆਂ ਨੌਜਵਾਨਾਂ ਨੂੰ ਬਸੰਤੀ ਪੱਗਾਂ ਬੰਨ੍ਹ ਕੇ ਦਿੱਲੀ ਬਾਰਡਰਾਂ ਉੱਤੇ ਅਤੇ ਸੰਘਰਸ਼ੀ ਮੋਰਚਿਆਂ ਵਿਚ 23 ਮਾਰਚ ਦੇ ਸ਼ਹੀਦਾਂ ਦੀ ਯਾਦ ਮਨਾਉਣ ਲਈ ਪੁੱਜਣ ਦਾ ਸੱਦਾ ਦਿੱਤਾ। 15 ਮਾਰਚ ਨੂੰ ਤੇਲ ਕੀਮਤਾਂ ਵਿਚ ਬੇਲਗ਼ਾਮ ਵਾਧੇ ਖ਼ਿਲਾਫ਼ ਬਰਨਾਲਾ ਚੌਕ ਰਾਏਕੋਟ ਵਿਚ ਰੋਸ ਪ੍ਰਦਰਸ਼ਨ ਵਿਚ ਪੁੱਜਣ ਦਾ ਵੀ ਸੱਦਾ ਦਿੱਤਾ। ਬੁਲਾਰਿਆਂ ਨੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਨੂੰ ਠਰ੍ਹੰਮੇ ਅਤੇ ਦਲੇਰੀ ਨਾਲ ਨਿਰੰਤਰ ਮਘਦਾ ਰੱਖਣ ਦਾ ਸੰਦੇਸ਼ ਦਿੱਤਾ।