ਗਗਨਦੀਪ ਅਰੋੜਾ
ਲੁਧਿਆਣਾ, 23 ਜੂਨ
ਇੱਥੋਂ ਦੇ ਲਾਡੋਵਾਲ ਇਲਾਕੇ ਵਿਚ ਹੱਡਾਰੋੜੀ ਵਾਲਿਆਂ ਨੂੰ ਮੁੜ ਪੰਜਾਬ ਪ੍ਰਦੂਸ਼ਣ ਬੋਰਡ ਵੱਲੋਂ 12.5 ਕਰੋੜ ਰੁਪਏ ਦੇ ਜੁਰਮਾਨੇ ਦਾ ਨੋਟਿਸ ਮਿਲਣ ਮਗਰੋਂ ਉਨ੍ਹਾਂ ਨੂੰ ਭਾਜੜਾਂ ਪੈ ਗਈਆਂ ਹਨ। ਨੋਟਿਸ ਮਿਲਣ ਮਗਰੋਂ ਹੱਡਾਰੋੜੀ ਵਾਲਿਆਂ ਨੇ ਸ਼ਹਿਰ ਵਿਚੋਂ ਮਰੇ ਪਸ਼ੂ ਚੁੱਕਣੇ ਬੰਦ ਕਰ ਦਿੱਤੇ ਸਨ, ਜਿਸ ਕਾਰਨ ਇਕ-ਦੋ ਦਿਨਾਂ ਵਿਚ ਹੀ ਸ਼ਹਿਰ ਦਾ ਬੁਰਾ ਹਾਲ ਹੋ ਗਿਆ ਸੀ। ਅੱਜ ਦੇਰ ਸ਼ਾਮ ਮੇਅਰ ਨੇ ਹੱਡਾਰੋੜੀ ਵਾਲਿਆਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਕੋਈ ਜੁਰਮਾਨਾ ਨਹੀਂ ਲੱਗੇਗਾ, ਜਿਸ ਮਗਰੋਂ ਉਨ੍ਹਾਂ ਨੇ ਮਰੇ ਹੋਏ ਪਸ਼ੂ ਚੁੱਕਣੇ ਸ਼ੁਰੂ ਕਰ ਦਿੱਤੇ ਹਨ।
ਦਰਅਸਲ, ਮਰੇ ਪਸ਼ੂ ਚੁੱਕਣ ਵਾਲੇ 5 ਠੇਕੇਦਾਰਾਂ ਖ਼ਿਲਾਫ਼ ਪ੍ਰਦੂਸ਼ਣ ਬੋਰਡ ਨੇ ਐੱਨਜੀਟੀ ਦੇ ਹੁਕਮਾਂ ’ਤੇ ਵਾਤਾਵਰਨ ਮੁਆਵਜ਼ੇ ਦੇ ਨਾਂ ’ਤੇ ਸਾਢੇ 12 ਕਰੋੜ ਰੁਪਏ ਦੇ ਨੋਟਿਸ ਭੇਜੇ ਹਨ। ਹਰ ਠੇਕੇਦਾਰ ਨੂੰ 2.50 ਕਰੋੜ ਰੁਪਏ ਦਾ ਨੋਟਿਸ ਜਾਰੀ ਹੋਇਆ ਸੀ। ਬੋਰਡ ਨੇ 15 ਦਿਨਾਂ ਵਿਚ ਸਤਲੁਜ ਦਰਿਆ ਤੋਂ ਹੱਡਾਰੋੜੀ ਚੁੱਕਣ ਦੇ ਹੁਕਮ ਵੀ ਜਾਰੀ ਕੀਤੇ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਸ ਸਾਲ ਫਰਵਰੀ ਮਹੀਨੇ ਵੀ ਲਾਡੋਵਾਲ ਸਤਲੁਜ ਦਰਿਆ ਨੇੜੇ ਸਥਿਤ ਹੱਡਾਰੋੜੀ ਦਾ ਪਾਣੀ ਦਰਿਆ ਵਿਚ ਪਾਉਣ ’ਤੇ ਪਾਬੰਦੀ ਲਗਾ ਦਿੱਤੀ ਸੀ ਤੇ ਜਲਦ ਇਸ ਲਈ ਹੋਰ ਇੰਤਜ਼ਾਮ ਕਰਨ ਦੇ ਹੁਕਮ ਜਾਰੀ ਕੀਤੇ ਸਨ। ਐੱਨਜੀਟੀ ਦੀ ਟੀਮ ਨੇ ਵੀ ਬੋਰਡ ਨੂੰ ਹੱਡਾਰੋੜੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ। ਇਸ ਮਗਰੋਂ ਪ੍ਰਦੂਸ਼ਣ ਬੋਰਡ ਨੇ ਹੱਡਾਰੋੜੀ ’ਤੇ ਕੰਮ ਕਰਨ ਵਾਲੇ 5 ਠੇਕੇਦਾਰਾਂ ਪਰਸ਼ੋਤਮ ਲਾਲ, ਰਾਮ ਮੂਰਤੀ, ਸੂਰਜ ਕੁਮਾਰ, ਮਨੀਸ਼ ਕੁਮਾਰ ਤੇ ਰਮੇਸ਼ ਕੁਮਾਰ ਦੇ ਨਾਂ ’ਤੇ 2.50 ਕਰੋੜ ਰੁਪਏ ਹਰੇਕ ਨੂੰ ਜੁਰਮਾਨਾ ਲਗਾ ਕੇ ਨੋਟਿਸ ਭੇਜ ਦਿੱਤੇ।
ਕ੍ਰਿਸ਼ਨ ਕੁਮਾਰ ਤੇ ਪਰਸ਼ੋਤਮ ਲਾਲ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਹੀ ਉਨ੍ਹਾਂ ਨੂੰ ਲਾਡੋਵਾਲ ਹੱਡਾਰੋੜੀ ਲਈ ਆਰਜ਼ੀ ਤੌਰ ’ਤੇ ਥਾਂ ਦਿੱਤੀ ਹੋਈ ਹੈ, ਪਰ ਹੁਣ ਤਕ ਸ਼ਹਿਰ ਵਿਚ ਹੋਰ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ। ਹੁਣ ਜਦੋਂ ਦੁਬਾਰਾ ਨੋਟਿਸ ਮਿਲਿਆ ਤਾਂ ਉਨ੍ਹਾਂ ਨੇ ਕੰਮ ਬੰਦ ਕਰ ਦਿੱਤਾ ਸੀ, ਪਰ ਮੇਅਰ ਬਲਕਾਰ ਸਿੰਘ ਸੰਧੂ ਤੇ ਕੌਂਸਲਰ ਨਰਿੰਦਰ ਸ਼ਰਮਾ ਕਾਲਾ ਨੇ ਭਰੋਸਾ ਦਿੱਤਾ ਹੈ ਕਿ ਉਨ੍ਹਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਇਸ ਮਗਰੋਂ ਉਨ੍ਹਾਂ ਨੇ ਮਰੇ ਪਸ਼ੂ ਚੁੱਕਣੇ ਸ਼ੁਰੂ ਕਰ ਦਿੱਤੇ ਹਨ।
ਹੱਡਾਰੋੜੀ ਨੂੰ ਜਲਦ ਤਬਦੀਲ ਕੀਤਾ ਜਾਵੇਗਾ: ਮੇਅਰ
ਮੇਅਰ ਬਲਕਾਰ ਸਿੰਘ ਸੰਧੂ ਦਾ ਕਹਿਣਾ ਹੈ ਕਿ ਨਗਰ ਨਿਗਮ ਲਾਡੋਵਾਲ ਨੇੜੇ ਹੀ ਮਰੇ ਪਸ਼ੂ ਲਈ ਪਲਾਂਟ ਲਗਾ ਰਹੀ ਹੈ, ਜਿਸ ਦੀ ਉਸਾਰੀ ਜਾਰੀ ਹੈ। ਇਸ ਪਲਾਂਟ ਦੇ ਤਿਆਰ ਹੋਣ ਮਗਰੋਂ ਹੱਡਾਰੋੜੀ ਨੂੰ ਸ਼ਿਫਟ ਕਰ ਦਿੱਤਾ ਜਾਵੇਗਾ। ਜੋ ਨੋਟਿਸ ਆਏ ਹਨ, ਉਸ ਬਾਰੇ ਉਹ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨਾਲ ਗੱਲ ਕਰ ਰਹੇ ਹਨ।