ਗਗਨਦੀਪ ਅਰੋੜਾ
ਲੁਧਿਆਣਾ, 23 ਮਾਰਚ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਬੁਲਟ ਮੋਟਰਸਾਈਕਲ ਦੇ ਮੋਡੀਫਾਇਡ ਸਾਇਲੈਂਸਰਾਂ ਤੋਂ ਪਟਾਕੇ ਪਾਉਣ ’ਤੇ ਰੋਕ ਲਾਉਣ ਦੇ ਹੁਕਮ ਜਾਰੀ ਕੀਤੇ ਹਨ। ਇਸ ਦੇ ਬਾਵਜੂਦ ਲੁਧਿਆਣਾ ’ਚ ਇਸ ’ਤੇ ਰੋਕ ਨਹੀਂ ਲੱਗ ਸਕੀ। ਇਸ ਸਬੰਧੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਹਾਈਕੋਰਟ ਦੇ ਜੱਜ ਨੇ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੂੰ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਦਾ ਨੋਟਿਸ ਜਾਰੀ ਕਰਦੇ ਹੋਏ ਪੁੱਛਿਆ ਹੈ ਕਿ ਅਦਾਲਤ ਦੇ ਹੁਕਮਾਂ ਤੋਂ ਬਾਅਦ ਵੀ ਮੋਡੀਫਾਇਡ ਸਾਇਲੈਂਸਰਾਂ ’ਚੋਂ ਪਟਾਕੇ ਵਜਾਉਣ ’ਤੇ ਰੋਕ ਕਿਉਂ ਨਹੀਂ ਲੱਗੀ। ਇਸ ਦੀ ਅਗਲੀ ਤਰੀਕ 27 ਜੁਲਾਈ ਰੱਖੀ ਗਈ ਹੈ। ਇਸ ਮਾਮਲੇ ’ਚ ਜਾਣਕਾਰੀ ਦਿੰਦੇ ਹੋਏ ਆਰਟੀਆਈ ਐਕਟਿਵਿਸਟ ਲੁਧਿਆਣਾ ਵਾਸੀ ਰੋਹਿਤ ਸੱਭਰਵਾਲ ਨੇ ਹਾਈਕੋਰਟ ’ਚ ਪਾਈ ਪਟੀਸ਼ਨ ਬਾਰੇ ਦੱਸਦਿਆਂ ਕਿਹਾ ਕਿ ਹਾਈਕੋਰਟ ਨੇ ਇੱਕ ਮਾਮਲੇ ’ਚ 22 ਜੁਲਾਈ 2019 ਨੂੰ ਬੁਲਟ ਦੇ ਮੋਡੀਫਾਇਡ ਸਾਇਲੈਂਸਰ ’ਚੋਂ ਪਟਾਕੇ ਵਜਾਉਣ ’ਤੇ ਰੋਕ ਦੇ ਹੁਕਮ ਜਾਰੀ ਕੀਤੇ ਸਨ ਪਰ ਲੁਧਿਆਣਾ ’ਚ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਹੀਂ ਹੋ ਰਹੀ ਹੈ। ਇਸ ਕਾਰਨ ਬੁਲਟ ਦੀ ਤੇਜ਼ ਆਵਾਜ਼ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ। ਇਹ ਦਿਲ ਦੇ ਮਰੀਜ਼ਾਂ ਤੇ ਕਮਜ਼ੋਰ ਦਿਲ ਵਾਲਿਆਂ ਲਈ ਜਾਨਲੇਵਾ ਸਿੱਧ ਹੋ ਰਹੀ ਹੈ।