ਨਿੱਜੀ ਪੱਤਰ ਪ੍ਰੇਰਕ
ਖੰਨਾ, 21 ਸਤੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਕਾਰਜਸ਼ੀਲ ਮਾਤਾ ਗੰਗਾ ਖਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਵਿੱਚ ਹੋਮ ਸਾਇੰਸ ਵਿਭਾਗ ਵੱਲੋਂ ਪੋਸ਼ਣ ਹਫ਼ਤਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਕਾਲਜ ਨੇ ‘ਪੀਲੀਆ ਦੀ ਪਛਾਣ ਤੇ ਰੋਕਥਾਮ’ ਥੀਮ ਅਧੀਨ ਬੱਚਿਆਂ ਨੂੰ ਅਨੀਮੀਆ ਰੋਗ ਦੇ ਕਾਰਨ, ਲੱਛਣ, ਰੋਕਥਾਮ ਤੇ ਬਚਾਅ ਢੰਗਾਂ ਸਬੰਧੀ ਜਾਣਕਾਰੀ ਦੇਣ ਲਈ ਵੱਖ ਵੱਖ ਗਤੀਵਿਧੀਆਂ ਕਰਵਾਈਆਂ। ਇਸ ਤਹਿਤ ਵਿਦਿਆਰਥੀਆਂ ਵਿਚਕਾਰ ਵਰਕਸ਼ਾਪ, ਸੈਮੀਨਾਰ ਤੇ ਪ੍ਰਸ਼ਨੋਤਰੀ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਵਿਦਿਆਰਥੀਆਂ ਨੂੰ ਲੋਹੇ ਦੀ ਵੱਧ ਮਾਤਰਾ ਵਾਲੇ ਵੱਖ ਵੱਖ ਭੋਜਨ ਪਦਾਰਥ ਜਿਵੇਂ ਬਾਜਰੇ ਦੀ ਰੋਟੀ, ਚਿਲਾ, ਪੌਸ਼ਟਿਕ ਚਟਨੀ, ਚਲਾਈ ਦਾ ਸਾਗ, ਸਹਿਜਣ ਦੇ ਪੱਤਿਆਂ ਦੇ ਪਰੌਂਠੇ, ਕਲਮੀ ਦੇ ਪੱਤਿਆਂ ਦਾ ਰਾਇਤਾ, ਅਰਬੀ ਦੇ ਪਤੌੜ, ਖਜੂਰ ਦਾ ਕੇਕ, ਖੋਆ ਕਟਲੇਟ ਆਦਿ ਬਣਾਉਣੇ ਸਿਖਾਏ ਗਏ। ਵਰਕਸ਼ਾਪ ਦੌਰਾਨ ਡੀਐੱਮਸੀ ਲੁਧਿਆਣਾ ਦੇ ਸਾਬਕਾ ਸੀਨੀਅਰ ਡਾਇਟੀਸ਼ੀਅਨ ਭਾਵਨਾ ਭਾਕੂ ਨੇ ਬੱਚਿਆਂ ਨੂੰ ਪੌਸ਼ਟਿਕ ਭੋਜਨ ਅਤੇ ਪੀਲੀਆ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।