ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 6 ਅਕਤੂਬਰ
ਥਾਣਾ ਸ਼ਿਮਲਾਪੁਰੀ ਦੇ ਇਲਾਕੇ ਵਿੱਚ ਸਥਿਤ ਬਾਲ ਸੁਧਾਰ ਘਰ ਵਿੱਚ ਚੈਕਿੰਗ ਦੌਰਾਨ ਸਿਗਰਟਾਂ, ਬੀੜੀਆਂ ਤੇ ਜਰਦਾ ਮਿਲਿਆ ਹੈ। ਇਸ ਸਬੰਧੀ ਤਰੁਨ ਅਗਰਵਾਲ ਸੁਪਰਡੈਂਟ ਆਬਜ਼ਰਵੇਸ਼ਨ ਹੋਮ ਗਿੱਲ ਨਹਿਰ ਸ਼ਿਮਲਾਪੁਰੀ ਨੇ ਦੱਸਿਆ ਕਿ ਅਚਨਚੇਤੀ ਚੈਕਿੰਗ ਦੌਰਾਨ ਸੁਧਾਰ ਘਰ ਵਿੱਚੋਂ ਸਿਗਰਟਾਂ ਦਾ ਇੱਕ ਪੈਕੇਟ, ਬੀੜੀਆਂ ਦਾ ਇੱਕ ਬੰਡਲ ਅਤੇ ਇਕ ਪੈਕਟ ਜਰਦਾ ਚੈਕਿੰਗ ਦੌਰਾਨ ਬਰਾਮਦ ਕੀਤਾ ਗਿਆ ਹੈ। ਪੜਤਾਲ ਦੌਰਾਨ ਸ਼ੁਭਮ, ਅਮਰਿੰਦਰ ਸਿੰਘ, ਰੋਹਿਤ ਕੁਮਾਰ, ਦੀਪਕ ਧਾਰੀਵਾਲ, ਦੀਪਾਂਸ਼ੂ ਅਵਸਥੀ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਅਜਮੇਰ ਸਿੰਘ ਨੇ ਦੱਸਿਆ ਕਿ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਬਾਲ ਸੁਧਾਰ ਘਰ ਦੇ ਬਾਹਰੋਂ ਇਹ ਸਾਮਾਨ ਅੰਦਰ ਸੁੱਟਿਆ ਸੀ। ਪੁਲੀਸ ਵੱਲੋਂ ਉਸ ਖ਼ਿਲਾਫ਼ ਵੀ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।