ਗਗਨਦੀਪ ਅਰੋੜਾ
ਲੁਧਿਆਣਾ, 16 ਸਤੰਬਰ
ਇੱਥੋਂ ਦੇ ਮੋਤੀ ਨਗਰ ਇਲਾਕੇ ’ਚ ਸਥਿਤ ਵਿਸ਼ਵਕਰਮਾ ਨਗਰ ਦੀ ਖੋਖਾ ਮਾਰਕੀਟ ’ਚ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰ ਕੇ ਬੈਠੇ ਕਬਜ਼ਾਧਾਰੀਆਂ ਨੂੰ ਹਟਾਉਣ ਗਈ ਗਲਾਡਾ ਦੀ ਟੀਮ ’ਤੇ ਕਬਜ਼ਾਧਾਰੀਆਂ ਨੇ ਪਥਰਾਅ ਕਰ ਦਿੱਤਾ। ਇਸ ਦੌਰਾਨ ਪਥਰਾਅ ’ਚ ਕਈ ਅਧਿਕਾਰੀਆਂ ਦੇ ਸੱਟਾਂ ਲੱਗੀਆਂ, ਜਿਸ ਕਾਰਨ ਉਨ੍ਹਾਂ ਨੂੰ ਉਥੋਂ ਇੱਕ ਵਾਰ ਭੱਜ ਕੇ ਆਪਣੀ ਜਾਨ ਬਚਾਉਣੀ ਪਈ। ਗਲਾਡਾ ਟੀਮ ਨਾਲ ਸਵੇਰ ਤੋਂ ਤਾਇਨਾਤ ਕੀਤੀ ਗਈ ਪੁਲੀਸ ਟੀਮ ਨੇ ਲਾਠੀਚਾਰਜ ਵੀ ਕੀਤਾ। ਗਲਾਡਾ ਦੇ ਪੀਲੇ ਪੰਜੇ ਨੇ ਉਥੇ ਬਣੇ 35 ਸਾਲ ਪੁਰਾਣੇ ਮੰਦਰ ਨੂੰ ਵੀ ਢਾਹ ਲਾਈ, ਜਿਸ ਨਾਲ ਮੰਦਰ ਟੁੱਟ ਗਿਆ ਤੇ ਉਥੇ ਲੱਗੀਆਂ ਮੂਰਤੀਆਂ ਟੁੱਟ ਗਈਆਂ। ਇਸ ਮਗਰੋਂ ਮਾਹੌਲ ਗਮਗੀਨ ਹੋ ਗਿਆ ਅਤੇ ਸੂਚਨਾ ਮਿਲਦਿਆਂ ਹੀ ਹਿੰਦੂ ਜਥੇਬੰਦੀਆਂ ਦੇ ਆਗੂ ਪੁੱਜ ਗਏ। ਇਸ ਦੌਰਾਨ ਪੁਲੀਸ ਨੇ ਕੁਝ ਸਮੇਂ ਲਈ ਮੌਕੇ ਨੂੰ ਦੇਖਦੇ ਹੋਏ ਆਗੂਆਂ ਨੂੰ ਕੁਝ ਸਮੇਂ ਲਈ ਹਿਰਾਸਤ ’ਚ ਲੈ ਲਿਆ, ਰਿਹਾਅ ਹੋਣ ਮਗਰੋਂ ਉਨ੍ਹਾਂ ਨੇ ਲੋਕਾਂ ਦੇ ਨਾਲ ਮਿਲ ਕੇ ਕਾਫ਼ੀ ਰੋਸ ਜ਼ਾਹਰ ਕੀਤਾ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੰਦਰ ਢਾਹੁਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਏਸੀਪੀ ਸਿਮਰਨਜੀਤ ਸਿੰਘ ਨੇ ਉਨ੍ਹਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਭਾਜਪਾ ਨੇਤਾ ਤੇ ਹਿੰਦੂ ਨੇਤਾ ਉਥੋਂ ਚਲੇ ਗਏ।
ਜਾਣਕਾਰੀ ਮੁਤਾਬਕ ਗਲਾਡਾ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਨਾਜਾਇਜ਼ ਝੁੱਗੀਆਂ ਨੂੰ ਢਾਹੁਣ ਦੀ ਕਾਰਵਾਈ ਸ਼ੁਰੂ ਕੀਤੀ ਸੀ, ਇੱਥੇ ਕਰੀਬ 8 ਮਹੀਨੇ ਪਹਿਲਾਂ ਵੀ ਕਬਜ਼ੇ ਹਟਾਏ ਗਏ ਸਨ। ਬਾਕੀ ਰਹਿ ਗਏ ਕਬਜ਼ਿਆਂ ਨੂੰ ਹਟਾਉਣ ਲਈ ਪ੍ਰਸ਼ਾਸਨ ਦੀ ਟੀਮ ਸਵੇਰੇ ਸਾਢੇ 9 ਵਜੇ ਮੌਕੇ ’ਤੇ ਪੁੱਜ ਗਈ। ਖੋਖਾ ਮਾਰਕੀਟ ’ਚ ਝੁੱਗੀਆਂ ਨੂੰ ਹਟਾਉਣ ਤੋਂ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਜਿਵੇਂ ਹੀ ਗਲਾਡਾ ਦਾ ਬੁਲਡੋਜ਼ਰ ਚੱਲਣਾ ਸ਼ੁਰੂ ਹੋਇਆ ਤਾਂ ਨਾਜਾਇਜ਼ ਉਸਾਰੀਆਂ ’ਤੇ ਚੱਲਣ ਲੱਗਿਆ ਤਾਂ ਵਿਰੋਧ ਸ਼ੁਰੂ ਹੋ ਗਿਆ। ਲੋਕਾਂ ਨੇ ਬੁਲਡੋਜ਼ਰ ਦੇ ਅੱਗੇ ਲੇਟ ਕੇ ਕਾਰਵਾਈ ਦਾ ਵਿਰੋਧ ਸ਼ੁਰੂ ਕਰ ਦਿੱਤਾ। ਗਲਾਡਾ ਦੀ ਕਾਰਵਾਈ ਜਾਰੀ ਰਹੀ ਅਤੇ ਕਾਰਵਾਈ ਦੌਰਾਨ ਉਥੇ ਬਣੇ ਪੁਰਾਣੇ ਮੰਦਰ ਨੂੰ ਤੋੜ ਦਿੱਤਾ ਗਿਆ, ਜਿਸ ਨਾਲ ਮੂਰਤੀਆਂ ਖੰਡਿਤ ਹੋ ਗਈਆਂ। ਇਸ ਨੂੰ ਲੈ ਕੇ ਭਾਜਪਾ ਆਗੂਆਂ ਨੇ ਧਾਰਮਿਕ ਸਥਾਨ ’ਤੇ ਕਾਰਵਾਈ ਕਰਨ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤਾਂ ਲੋਕਾਂ ਨੇ ਵੀ ਇਸ ਕਾਰਵਾਈ ਦੇ ਲਈ ਵਿਧਾਇਕ ਸੰਜੇ ਤਲਵਾੜ, ਕੌਂਸਲਰ ਪਤੀ ਦੀਪਕ ਉਪਲ ਤੇ ਗੌਰਵ ਭੱਟੀ ਨੂੰ ਜ਼ਿੰਮੇਵਾਰ ਆਖ ਕੇ ਵਿਰੋਧ ਪ੍ਰਦਰਸ਼ਨ ਵੀ ਕੀਤਾ। ਇਸ ਦੌਰਾਨ ਲੋਕਾਂ ਨੇ ਕਾਰਵਾਈ ਦਾ ਵਿਰੋਧ ਕਰਨ ਲਈ ਗਲਾਡਾ ਮੁਲਾਜ਼ਮਾਂ ’ਤੇ ਪਥਰਾਅ ਸ਼ੁਰੂ ਕਰ ਦਿੱਤਾ। ਇਸ ਪਥਰਾਅ ’ਚ ਗਲਾਡਾ ਦੇ ਕਰਮੀਆਂ ਨੂੰ ਸੱਟਾਂ ਵੀ ਲੱਗੀਆਂ। ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪੁਲੀਸ ਮੁਲਾਜ਼ਮਾਂ ਨੂੰ ਲਾਠੀਚਾਰਜ ਵੀ ਕਰਨਾ ਪਿਆ।
ਦੂਸਰੇ ਪਾਸੇ ਪੁਲੀਸ ਦੇ ਵੱਲੋਂ ਭਾਜਪਾ ਆਗੂਆਂ ਨੂੰ ਹਿਰਾਸਤ ’ਚ ਲਏ ਜਾਣ ਦੀ ਸੂਚਨਾ ਮਿਲਦੇ ਹੀ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਕਾਤੇਂਦੂ ਸ਼ਰਮਾ, ਨਵਲ ਜੈਨ ਤੋਂ ਇਲਾਵਾ ਸ਼ਿਵ ਸੈਨਾ ਆਗੂ ਮੁਕੇਸ਼ ਸ਼ਰਮਾ, ਹਿੰਦੂ ਆਗੂ ਲੱਕੀ ਕਪੂਰ ਸਮੇਤ ਕਈ ਮੌਕੇ ’ਤੇ ਪੁੱਜ ਗਏ। ਸਾਰਿਆਂ ਨੇ ਵਿਰੋਧ ਕੀਤਾ ਕਿ ਗਲਾਡਾ ਦੇ ਅਧਿਕਾਰੀਆਂ ਨੇ ਸਾਜ਼ਿਸ਼ ਦੇ ਤਹਿਤ ਧਾਰਮਿਕ ਸਥਾਨ ਨੂੰ ਨਿਸ਼ਾਨਾ ਬਣਾਇਆ ਹੈ। ਭਾਜਪਾ ਤੇ ਹਿੰਦੂ ਨੇਤਾਵਾਂ ਨੇ ਗਲਾਡਾ ਅਧਿਕਾਰੀਆਂ ਦੇ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਕਾਰਵਾਈ ਦੀ ਮੰਗ ਏਸੀਪੀ ਤੋਂ ਕੀਤੀ। ਗਲਾਡਾ ਤੇ ਸ਼ਿਵ ਸੈਨਾ-ਭਾਜਪਾ ਨੇਤਾ ਇੱਕ ਦੂਸਰੇ ਦੇ ਖਿਲਾਫ਼ ਥਾਣੇ ’ਚ ਸ਼ਿਕਾਇਤ ਦੇਣ ਲਈ ਵੀ ਪੁੱਜੇ ਹੋਏ ਸਨ।