ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 27 ਜਨਵਰੀ
ਕਾਂਗਰਸ ਪਾਰਟੀ ਵੱਲੋਂ ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਦੀਆਂ ਟਿਕਟਾਂ ਦੇਣ ਦਾ ਜੋ ਫਾਰਮੂਲਾ ਅਪਣਾਇਆ ਗਿਆ ਉਸ ਤਹਿਤ ਇੱਕ ਪਰਿਵਾਰ ਨੂੰ ਇੱਕ ਟਿਕਟ ਹੀ ਮਿਲੇਗੀ ਪਰ ਬੀਬੀ ਰਜਿੰਦਰ ਕੌਰ ਭੱਠਲ ਦੇ ਜਵਾਈ ਵਿਕਰਮ ਸਿੰਘ ਬਾਜਵਾ ਨੂੰ ਹਲਕਾ ਸਾਹਨੇਵਾਲ ਤੋਂ ਮੈਦਾਨ ਵਿਚ ਉਤਾਰਿਆ ਗਿਆ ਹੈ। ਇਸ ’ਤੇ ਅੱਜ ਉਮੀਦਵਾਰ ਬਾਜਵਾ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਬੇਸ਼ੱਕ ਉਹ ਬੀਬੀ ਦੇ ਜਵਾਈ ਹਨ ਪਰ ਇਹ ਟਿਕਟ ਉਨ੍ਹਾਂ ਨੂੰ ਹਲਕਾ ਸਾਹਨੇਵਾਲ ਅੰਦਰ ਪਿਛਲੇ 12 ਸਾਲਾਂ ਤੋਂ ਲੋਕਾਂ ਦੀ ਕੀਤੀ ਜਾ ਰਹੀ ਸੇਵਾ ਕਰਕੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਵਾਈ ਅਤੇ ਸਹੁਰੇ ਪਰਿਵਾਰ ਦੋ ਅਲੱਗ-ਅਲੱਗ ਪਰਿਵਾਰ ਹੁੰਦੇ ਹਨ ਜਿਸ ਲਈ ਇਸ ਨੂੰ ਇੱਕੋ ਪਰਿਵਾਰ ਨੂੰ 2 ਟਿਕਟਾਂ ਦੇਣ ਦਾ ਮਾਮਲਾ ਨਾ ਸਮਝਿਆ ਜਾਵੇ। ਉਨ੍ਹਾਂ ਕਿਹਾ ਕਿ ਹਲਕਾ ਸਾਹਨੇਵਾਲ ਤੋਂ 31 ਉਮੀਦਵਾਰਾਂ ਨੇ ਆਪਣੀ ਦਾਅਵੇਦਾਰੀ ਜਿਤਾਈ ਸੀ ਪਰ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਯੋਗ ਸਮਝਿਆ ਜਿਸ ਲਈ ਉਹ ਧੰਨਵਾਦੀ ਹਨ ਪਰ ਉਹ ਸਾਰੇ ਹੀ ਕਾਂਗਰਸੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਆਪਣੇ ਨਾਲ ਲੈ ਕੇ ਚੱਲਣਗੇ। ਉਨ੍ਹਾਂ ਇਹ ਵੀ ਕਿਹਾ ਕਿ ਹਲਕਾ ਸਾਹਨੇਵਾਲ ਅੰਦਰ ਕਾਂਗਰਸ ਪਾਰਟੀ ’ਚ ਕੋਈ ਧੜੇਬੰਦੀ ਨਹੀਂ ਅਤੇ ਉਹ ਸਾਰੇ ਕਾਂਗਰਸ ਪਾਰਟੀ ਦੇ ਝੰਡੇ ਹੇਠ ਇੱਕਜੁਟ ਹਨ। ਸ੍ਰੀ ਬਾਜਵਾ ਮਗਰੋਂ ਆਪਣੇ ਸਮਰਥਕਾਂ ਸਮੇਤ ਦੇਗਸਰ ਸ੍ਰੀ ਕਟਾਣਾ ਸਾਹਿਬ ਵਿੱਚ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨਾਲ ਜਗਜੀਤ ਸਿੰਘ ਪ੍ਰਿਥੀਪੁਰ, ਜਸਪਾਲ ਸਿੰਘ ਗਾਹੀ ਭੈਣੀ, ਮਲਕੀਤ ਸਿੰਘ ਗਿੱਲ ਮੌਜੂਦ ਸਨ।