ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 2 ਨਵੰਬਰ
ਬਲਾਕ ਮਾਛੀਵਾੜਾ ਅਧੀਨ ਪੈਂਦੇ ਪਿੰਡ ਲੁਬਾਣਗੜ੍ਹ ਵਿਚ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕਰ ਕੇ ਬਣਾਏ ਘਰ ਢਾਹੁਣ ਲਈ ਅੱਜ ਪੰਚਾਇਤ ਤੇ ਮਾਲ ਵਿਭਾਗ ਦੇ ਅਧਿਕਾਰੀ ਪੁੱਜੇ ਪਰ ਲੋਕਾਂ ਦੇ ਵਿਰੋਧ ਕਾਰਨ ਉਨ੍ਹਾਂ ਨੂੰ ਬੇਰੰਗ ਪਰਤਣਾ ਪਿਆ।
ਇਸ ਸਬੰਧੀ ਪਿੰਡ ਲੁਬਾਣਗੜ੍ਹ ਵਾਸੀ ਬਲਜੀਤ ਕੁਮਾਰ ਤੇ ਅਮਰ ਚੰਦ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਕਈ ਸਾਲਾਂ ਤੋਂ ਪਿੰਡ ਵਿਚ ਘਰ ਬਣਾਏ ਹੋਏ ਹਨ। ਇਸ ਸਬੰਧੀ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਕੋਲ ਕੇਸ ਚੱਲਦਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਵਿਭਾਗ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਕਿ ਉਹ ਕਬਜ਼ਾ ਛੱਡ ਦੇਣ ਨਹੀਂ ਤਾਂ ਘਰ ਢਾਹ ਦਿੱਤੇ ਜਾਣਗੇ।
ਮੀਡੀਆ ਨਾਲ ਗੱਲਬਾਤ ਕਰਦਿਆਂ ਅਮਰ ਚੰਦ ਨੇ ਦੱਸਿਆ ਕਿ ਵੋਟਾਂ ਦੀ ਰੰਜਿਸ਼ ਕਾਰਨ ਸਰਪੰਚ ਪੰਚਾਇਤ ਅਧਿਕਾਰੀਆਂ ਨਾਲ ਮਿਲ ਕੇ ਉਸ ਦਾ ਮਕਾਨ ਢਾਹੁਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪਿੰਡ ਵਿਚ ਹੋਰ ਵੀ ਘਰ ਪੰਚਾਇਤੀ ਜ਼ਮੀਨ ’ਤੇ ਬਣੇ ਹੋਏ ਹਨ ਪਰ ਉਨ੍ਹਾਂ ਨੂੰ ਚੋਣਾਂ ਦੀ ਰੰਜਿਸ਼ ਕਾਰਨ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਜ਼ਮੀਨ ਵਿਭਾਗ ਛੁਡਾ ਰਿਹੈ ਪੰਚਾਇਤ ਨਹੀਂ: ਸਰਪੰਚ
ਇਸ ਸਬੰਧੀ ਪਿੰਡ ਦੇ ਸਰਪੰਚ ਜੋਗਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਪਣੇ ’ਤੇ ਲੱਗੇ ਦੋਸ਼ ਨਕਾਰਦਿਆਂ ਕਿਹਾ ਕਿ ਜਿਨ੍ਹਾਂ ਵੀ ਬੰਦਿਆਂ ਨੇ ਪੰਚਾਇਤੀ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਉਨ੍ਹਾਂ ਤੋਂ ਵਿਭਾਗ ਇਹ ਛੁਡਵਾ ਰਿਹਾ ਹੈ ਪੰਚਾਇਤ ਨਹੀਂ।
ਅਗਲੀ ਵਾਰ ਪੁਲੀਸ ਨੂੰ ਨਾਲ ਲੈ ਕੇ ਕੀਤੀ ਜਾਵੇਗੀ ਕਾਰਵਾਈ: ਮਾਂਗਟ
ਬਲਾਕ ਪੰਚਾਇਤ ਅਫ਼ਸਰ ਗੁਰਪ੍ਰੀਤ ਸਿੰਘ ਮਾਂਗਟ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਦੇ ਨਿਰਦੇਸ਼ਾਂ ਤਹਿਤ ਜਿਨ੍ਹਾਂ ਨੇ ਵੀ ਨਾਜਾਇਜ਼ ਕਬਜ਼ੇ ਕੀਤੇ ਹਨ, ਉਹ ਛੁਡਵਾਏ ਜਾ ਰਹੇ ਹਨ। ਅੱਜ ਜਦੋਂ ਉਨ੍ਹਾਂ ਦੀ ਟੀਮ ਪਿੰਡ ਲੁਬਾਣਗੜ੍ਹ ਪੁੱਜੀ ਤਾਂ ਉੱਥੇ ਪੁਲੀਸ ਸਹਾਇਤਾ ਨਾ ਹੋਣ ਕਾਰਨ ਉਹ ਵਾਪਸ ਆ ਗਏ। ਉਨ੍ਹਾਂ ਕਿਹਾ ਕਿ ਜਲਦ ਹੀ ਅਗਲੀ ਵਾਰ ਪੁਲੀਸ ਟੀਮ ਨੂੰ ਨਾਲ ਲੈ ਕੇ ਨਾਜਾਇਜ਼ ਕਬਜ਼ੇ ਢਾਹੇ ਜਾਣਗੇ।