ਪੱਤਰ ਪ੍ਰੇਰਕ
ਦੋਰਾਹਾ, 14 ਸਤੰਬਰ
ਸਰਕਾਰੀ ਹਾਈ ਸਕੂਲ ਦੋਰਾਹਾ ਵਿੱਚ ਕਰੀਬ 50-55 ਸਾਲ ਪਹਿਲਾਂ ਪੜ੍ਹਦੇ ਵਿਦਿਆਰਥੀਆਂ ਦੀ ਪਹਿਲੀ ਇਕੱਤਰਤਾ ਦੋਰਾਹਾ ਵਿੱਚ ਸਾਬਕਾ ਡੀਪੀਆਰਓ ਅਤੇ ਉੱਘੇ ਲੇਖਕ ਉਜਾਗਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਹਮਜਮਾਤੀ ਸੁਰਿੰਦਰ ਰਾਮਪੁਰੀ, ਜੋਗਿੰਦਰ ਸਿੰਘ ਓਬਰਾਏ, ਪ੍ਰੀਤਮ ਸਿੰਘ ਮਾਂਗਟ, ਤੇਜਿੰਦਰ ਸਿੰਘ ਬਲੱਗਣ, ਰੁਪਿੰਦਰ ਸਿੰਘ ਅੜੈਚਾਂ, ਪਿਆਰਾ ਸਿੰਘ, ਮਲਕੀਤ ਸਿੰਘ ਕੱਦੋਂ, ਜ਼ੋਰਾ ਸਿੰਘ ਧਾਲੀਵਾਲ, ਕਰਨੈਲ ਸਿੰਘ ਰਾਮਪੁਰ ਤੋਂ ਇਲਾਵਾ ਵਿਸ਼ੇਸ਼ ਤੌਰ ’ਤੇ ਪੱਤਰਕਾਰ ਲਾਲ ਸਿੰਘ ਮਾਂਗਟ, ਸ਼ਿਵ ਵਿਨਾਇਕ ਅਤੇ ਹਰਦੀਪ ਸਿੰਘ ਨਿਜ਼ਾਪੁਰੀ ਸ਼ਾਮਲ ਹੋਏ। ਇਸ ਮੌਕੇ ਪੁਰਾਣੇ ਜਮਾਤੀਆਂ ਨੇ ਆਪਣੀ ਪੜ੍ਹਾਈ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਜ਼ਿੰਦਗੀ ਦੇ ਕੌੜੇ ਮਿੱਠੇ ਤਜਰਬੇ ਸਾਂਝੇ ਕੀਤੇ। ਉਜਾਗਰ ਸਿੰਘ ਨੇ, ਜੋ ਅੱਜ-ਕੱਲ੍ਹ ਪਟਿਆਲਾ ਰਹਿੰਦੇ ਹਨ, ਨੇ ਦੋਰਾਹਾ ਨੇੜਲੇ ਪਿੰਡ ਕੱਦੋਂ ਦੇ ਸਮੁੱਚੇ ਇਤਿਹਾਸ ਸਬੰਧੀ ਲਿਖੀ ਪੁਸਤਕ ‘ਪਿੰਡ ਕੱਦੋਂ ਦੇ ਵਿਰਾਸਤੀ ਰੰਗ’ ਸਾਰੇ ਮੈਂਬਰਾਂ ਨੂੰ ਦਿੱਤੀ। ਇਸ ਪੁਸਤਕ ਵਿਚ ਉਨ੍ਹਾਂ ਪਿੰਡ ਦੀ ਸਥਾਪਨਾ ਤੋਂ ਲੈ ਕੇ ਇਸਦੇ ਸਮੁੱਚੇ ਇਤਿਹਾਸ, ਵਿੱਦਿਅਕ, ਸਮਾਜਿਕ, ਧਾਰਮਿਕ ਤੇ ਸੱਭਿਆਚਾਰਕ ਖੇਤਰ ਵਿਚ ਪ੍ਰਾਪਤੀਆਂ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਵੀ ਜ਼ਿਕਰ ਕੀਤਾ ਹੈ।