ਸਤਵਿੰਦਰ ਬਸਰਾ
ਲੁਧਿਆਣਾ, 18 ਫਰਵਰੀ
ਚੋਣ ਪ੍ਰਚਾਰ ਦੇ ਅੱਜ ਆਖਰੀ ਦਿਨ ਹਲਕਾ ਪੂਰਬੀ ਵਿੱਚ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਕੱਢੇ ਰੋਡ ਸ਼ੋਅ ਦੌਰਾਨ ਜਿੱਥੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉੱਡੀਆਂ ਉੱਥੇ ਕਈ ਨੌਜਵਾਨ ਆਪਣੀ ਜਾਨ ਨੂੰ ਜ਼ੋਖਮ ਵਿੱਚ ਪਾ ਕੇ ਗੱਡੀਆਂ ਦੇ ਬਾਹਰ ਲਟਕਦੇ ਵੀ ਦੇਖੇ ਗਏ। ਕਈ ਸੜਕਾਂ ’ਤੇ ਕਾਫੀ ਸਮਾਂ ਟ੍ਰੈਫਿਕ ਵੀ ਜਾਮ ਰਿਹਾ।
ਅੱਜ ਹਲਕਾ ਪੂਰਬੀ ਵਿੱਚ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਰੋਡ ਸ਼ੋਅ ਕਰਕੇ ਪ੍ਰਚਾਰ ਕੀਤਾ ਗਿਆ। ਸਵੇਰ ਸਮੇਂ ਕਾਂਗਰਸ ਪਾਰਟੀ ਅਤੇ ਭਾਜਪਾ ਦੇ ਉਮੀਦਵਾਰਾਂ ਨੇ, ਦੁਪਹਿਰ ਸਮੇਂ ਅਕਾਲੀ-ਬਸਪਾ, ਲੋਕ ਇਨਸਾਫ ਪਾਰਟੀ ਅਤੇ ਸ਼ਾਮ ਸਮੇਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵੱਲੋਂ ਜਲੂਸ ਦੀ ਸ਼ਕਲ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਇਨ੍ਹਾਂ ਸਾਰੇ ਹੀ ਚੋਣ ਪ੍ਰਚਾਰਾਂ ਵਿੱਚ ਵੱਡੀ ਗਿਣਤੀ ਨੌਜਵਾਨਾਂ ਦੀ ਦੇਖੀ ਗਈ। ਇਨਾਂ ਵਿੱਚੋਂ ਬਹੁਤੇ ਨੌਜਵਾਨ ਮੋਟਰਸਾਈਕਲਾਂ ’ਤੇ ਸਵਾਰ ਸਨ ਜਦਕਿ ਕਈ ਨੌਜਵਾਨ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਗੱਡੀਆਂ ਦੀਆਂ ਬਾਰੀਆਂ ਰਾਹੀਂ ਬਾਹਰ ਨੂੰ ਲਟਕੇ ਹੋਏ ਸਨ। ਕਈ ਨੌਜਵਾਨ ਤਾਂ ਗੱਡੀਆਂ ਦੀਆਂ ਛੱਤਾਂ ਤੱਕ ’ਤੇ ਚੜ੍ਹੇ ਹੋਏ ਸਨ। ਇਨਾਂ ਸਾਰੀਆਂ ਹੀ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਇਸ ਪ੍ਰਚਾਰ ਰਾਹੀਂ ਅਸਿੱਧੇ ਤੌਰ ’ਤੇ ਹਲਕੇ ਅੰਦਰ ਆਪੋ ਆਪਣੀ ਤਾਕਤ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਭਾਵੇਂ ਹਮਾਇਤੀਆਂ ਵੱਲੋਂ ਪੂਰੇ ਰਸਤੇ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਹੁੰਦੀ ਰਹੀ ਪਰ ਉਦੋਂ ਜੋਸ਼ ਹੋਰ ਵਧ ਜਾਂਦਾ ਸੀ ਜਦੋਂ ਵਾਹਨਾਂ ਦਾ ਕਾਫਲਾ ਕਿਸੇ ਵਿਰੋਧੀ ਪਾਰਟੀ ਦੇ ਦਫਤਰ ਅੱਗੋਂ ਲੰਘਦਾ ਸੀ। ਇਸ ਦੌਰਾਨ ਟਿੱਬਾ ਰੋਡ, ਗੋਪਾਲ ਨਗਰ ਚੌਕ, ਤਾਜਪੁਰ ਰੋਡ, ਸੈਕਟਰ-32, ਸਮਰਾਲਾ ਚੌਕ ਆਦਿ ਥਾਵਾਂ ’ਤੇ ਟ੍ਰੈਫਿਕ ਜਾਮ ਹੋ ਗਿਆ। ਲੋਕਾਂ ਨੂੰ ਆਪੋ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਬਦਲਵੇਂ ਰਾਹਾਂ ਤੋਂ ਹੋ ਕੇ ਜਾਣਾ ਪਿਆ। ਕਈ ਥਾਵਾਂ ’ਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਲੀਸ ਮੁਲਾਜ਼ਮਾਂ ਤਾਇਨਾਤ ਸਨ।