ਪੱਤਰ ਪ੍ਰੇਰਕ
ਸਮਰਾਲਾ, 8 ਅਕਤੂਬਰ
ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਸ਼ਹਿਰ ’ਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਸ ਮੌਕੇ ਹਾਜ਼ਰ ਵਾਲਮੀਕ ਸਮਾਜ ਦੇ ਆਗੂਆਂ ਨੇ ਕਿਹਾ ਕਿ ਇਕ ਚੰਗੇ ਤੇ ਉਸਾਰੂ ਸਮਾਜ ਦੀ ਸਿਰਜਣਾ ਲਈ ਭਗਵਾਨ ਵਾਲਮੀਕ ਦੇ ਵਿਖਾਏ ਮਾਰਗ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਸੇਧ ਲੈਣੀ ਚਾਹੀਦੀ ਹੈ। ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ, ਨਗਰ ਕੌਂਸਲ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ, ਨਗਰ ਕੌਂਸਲ ਦੇ ਸੀਨੀਅਰ ਵਾਈਸ ਪ੍ਰਧਾਨ ਸਨੀ ਦੂਆ, ਵਾਲਮੀਕ ਸਮਾਜ ਦੇ ਆਗੂ ਪਵਨ ਸਹੋਤਾ, ‘ਆਪ’ ਆਗੂ ਤੇਜਿੰਦਰ ਸਿੰਘ ਗਰੇਵਾਲ, ਬਸਪਾ ਆਗੂ ਐਡਵੋਕੇਟ ਸ਼ਿਵ ਕਲਿਆਣ, ਚੇਅਰਮੈਨ ਸੁਖਵੀਰ ਸਿੰਘ ਪੱਪੀ, ਕਾਮਰੇਡ ਭਜਨ ਸਿੰਘ ਅਤੇ ਸ਼ਿਵ ਸੈਨਾ ਆਗੂ ਰਮਨ ਵਡੇਰਾ ਨੇ ਸੱਮੁਚੇ ਵਾਲਮੀਕ ਭਾਈਚਾਰੇ ਨੂੰ ਪ੍ਰਗਟ ਦਿਵਸ ਦੀ ਵਧਾਈ ਦਿੱਤੀ। ਸ਼ੋਭਾ ਯਾਤਰਾ ’ਚ ਅੱਗੇ-ਅੱਗੇ ਸੁੰਦਰ ਪੌਸ਼ਾਕਾਂ ’ਚ ਸਜੇ ਵੱਖ-ਵੱਖ ਬੱਚੇ ਚੱਲ ਰਹੇ ਸਨ ਅਤੇ ਸ਼ੋਭਾ ਯਾਤਰਾ ’ਚ ਸ਼ਾਮਲ ਸਕੀਰਤਨ ਮੰਡਲੀਆਂ ਵੱਲੋਂ ਸਾਰੇ ਰਸਤੇ ਸਤਿਸੰਗ ਕੀਤਾ ਜਾ ਰਿਹਾ ਸੀ। ਧਾਰਮਿਕ ਧੁਨਾਂ ਵਜਾ ਰਹੀਆਂ ਕਈ ਬੈਂਡ ਪਾਰਟੀਆਂ, ਰੱਥ ਅਤੇ ਹੋਰ ਕਈ ਵਾਹਨ ਇਸ ਯਾਤਰਾ ਵਿੱਚ ਸ਼ਾਮਲ ਸਨ। ਸ਼ੋਭਾ ਯਾਤਰਾ ਦੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਦੀ ਹੁੰਦੀ ਹੋਈ ਵਾਪਸ ਸ੍ਰੀਵਾਲਮੀਕ ਮੰਦਰ ਵਿੱਚ ਪੁੱਜੀ। ਰਾਏਕੋਟ (ਨਿੱਜੀ ਪੱਤਰ ਪ੍ਰੇਰਕ): ਭਗਵਾਨ ਵਾਲਮੀਕਿ ਧਰਮ ਸਮਾਜ ਰਾਏਕੋਟ ਵੱਲੋਂ ਭਗਵਾਨ ਸ੍ਰੀ ਵਾਲਮੀਕ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ ਸਜਾਈ ਗਈ। ਭਾਵਾਧਸ ਰਾਏਕੋਟ ਦੇ ਤਹਿਸੀਲ ਪ੍ਰਧਾਨ ਦਵਿੰਦਰ ਗਿੱਲ ਬੌਬੀ ਅਤੇ ਸ਼ਹਿਰੀ ਪ੍ਰਧਾਨ ਮਿੰਟੂ ਨਾਹਰ ਅਨੁਸਾਰ ਭਗਵਾਨ ਵਾਲਮੀਕ ਦੇ ਪ੍ਰਗਟ ਦਿਵਸ ਮੌਕੇ 20ਵੀਂ ਵਿਸ਼ਾਲ ਸ਼ੋਭਾ ਯਾਤਰਾ ਨਗਰ ਕੌਂਸਲ ਦਫ਼ਤਰ ਲਾਗਲੇ ਪੁਰਾਤਨ ਭਗਵਾਨ ਸ੍ਰੀ ਵਾਲਮੀਕ ਮੰਦਰ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ, ਮੁਹੱਲਿਆਂ, ਅਤੇ ਚੌਕਾਂ ‘ਚੋਂ ਹੁੰਦੀ ਹੋਈ ਸਥਾਨਕ ਜਲਾਲਦੀਵਾਲ ਰੋਡ ’ਤੇ ਸਥਿਤ ਭਗਵਾਨ ਸ੍ਰੀ ਵਾਲਮੀਕ ਮੰਦਰ ਗੁਰੂ ਨਾਨਕਪੁਰਾ ਮੁਹੱਲਾ ਵਿਚ ਦਰਸ਼ਨ ਕਰਨ ਉਪਰੰਤ ਵਾਪਸ ਪੁਰਾਤਨ ਵਾਲਮੀਕ ਮੰਦਰ ਵਿਚ ਸਮਾਪਤ ਹੋਈ। ਇਸ ਮੌਕੇ ਹਲਕਾ ਵਿਧਾਇਕ ਹਾਕਮ ਸਿੰਘ, ਡਾਕਟਰ ਟੀਪੀ ਸਿੰਘ, ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਜੋਸ਼ੀ, ਸਮਾਜ ਸੇਵੀ ਅਤੇ ਕਾਰੋਬਾਰੀ ਹੀਰਾ ਲਾਲ ਬਾਂਸਲ ਅਤੇ ਸੀਟੂ ਦੇ ਸੂਬਾਈ ਸਕੱਤਰ ਦਲਜੀਤ ਕੁਮਾਰ ਗੋਰਾ ਨੇ ਹਾਜ਼ਰੀ ਭਰੀ ਗਈ। 9 ਅਕਤੂਬਰ ਨੂੰ ਪੁਰਾਤਨ ਵਾਲਮੀਕ ਮੰਦਰ ਵਿਚ ਸਤਿਸੰਗ ਹੋਵੇਗਾ।