ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 28 ਅਗਸਤ
ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫਾਊਂਡੇਸ਼ਨ ਦੀ ਮੀਟਿੰਗ ਰਾਜਗੁਰੂ ਨਗਰ ਵਿੱਚ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਗੁਰੂ ਗੋਬਿੰਦ ਸਿੰਘ ਤੇ ਮਾਧੋਦਾਸ ਬੈਰਾਗੀ (ਬਾਬਾ ਬੰਦਾ ਸਿੰਘ ਬਹਾਦਰ) ਦੇ ਇਤਿਹਾਸਕ ਮਿਲਾਪ ਦਿਹਾੜੇ ਮੌਕੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਜਥਾ ਭੇਜਣ ਦਾ ਫ਼ੈਸਲਾ ਲਿਆ ਗਿਆ। ਮੀਟਿੰਗ ਵਿੱਚ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਉੱਘੇ ਵਿਦਵਾਨ ਡਾ. ਸਵਰਾਜ ਸਿੰਘ ਅਤੇ ਮਨਜੀਤ ਸਿੰਘ ਹੰਬੜਾ ਨੇ ਵੀ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਵਾ ਨੇ ਦੱਸਿਆ ਕਿ 3 ਸਤੰਬਰ 1708 ਨੂੰ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਗੋਦਾਵਰੀ ਨਦੀ ਕੰਢੇ ਹੋਏ ਇਸ ਮਿਲਾਪ ਤੋਂ ਬਾਅਦ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਭਗਤੀ ਤੋਂ ਸ਼ਕਤੀ ਦਾ ਰਸਤਾ ਅਪਣਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਮਾਲਾ ਛੱਡ ਕੇ ਕਿਰਪਾਨ ਉਠਾਈ ਅਤੇ ਚੱਪੜਚਿੜੀ ਦੀ ਲੜਾਈ ਜਿੱਤ ਕੇ ਵਜ਼ੀਰ ਖਾਨ ਦਾ ਅੰਤ ਕੀਤਾ।
ਸ੍ਰੀ ਬਾਵਾ ਨੇ ਦੱਸਿਆ ਕਿ ਇਸ ਇਤਿਹਾਸਕ ਦਿਹਾੜੇ ਨੂੰ ਮਨਾਉਣ ਲਈ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫਾਊਂਡੇਸ਼ਨ ਦਾ 21ਵਾਂ ਜਥਾ ਪਹਿਲੀ ਸਤੰਬਰ ਨੂੰ ਸਵੇਰੇ 6 ਵਜੇ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸੱਚਖੰਡ ਐਕਸਪ੍ਰੈਸ ਰਾਹੀਂ ਰਵਾਨਾ ਹੋਵੇਗਾ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਮੰਗ ਕੀਤੀ ਕਿ ਪੀਏਯੂ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ’ਤੇ ਰੱਖਿਆ ਜਾਵੇ। ਉਨ੍ਹਾਂ ਕੇਂਦਰ ਸਰਕਾਰ ਕੋਲੋਂ ਵੀ ਮੰਗ ਕੀਤੀ ਹੈ ਕਿ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਤੋਂ ਚੱਪੜਚਿੜੀ ਤੱਕ ਜਿਸ ਰਸਤੇ ਰਾਹੀਂ ਬਾਬਾ ਬੰਦਾ ਸਿੰਘ ਬਹਾਦਰ ਜਿੱਤ ਪ੍ਰਾਪਤ ਕਰ ਕੇ ਆਏ ਸਨ, ਦਾ ਨਾਂ ਵੀ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਰੱਖਿਆ ਜਾਵੇ।