ਖੇਤਰੀ ਪ੍ਰਤੀਨਿਧ
ਲੁਧਿਆਣਾ, 20 ਦਸੰਬਰ
ਇਥੇ ਪੰਜਾਬ ਦੇ ਖੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਦੱਸਿਆ ਕਿ ਆਗਾਮੀ ਪੱਖੋਵਾਲ ਰੋਡ ਰੇਲ ਅੰਡਰਬ੍ਰਿਜ (ਆਰ.ਯੂ.ਬੀ.) ਦਾ ਇੱਕ ਪਾਸਾ ਅਗਲੇ ਤਿੰਨ ਮਹੀਨਿਆਂ ਵਿੱਚ ਵਾਹਨਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ। ਸ੍ਰੀ ਆਸ਼ੂ ਨੇ ਅੱਜ ਮੇਅਰ ਬਲਕਾਰ ਸਿੰਘ ਸੰਧੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਮਨ ਬਾਲਸੁਬਰਾਮਨੀਅਮ ਅਤੇ ਨਗਰ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਸਣੇ ਨਿਰਮਾਣ ਕਾਰਜ ਵਾਲੀ ਜਗ੍ਹਾ ਦਾ ਦੌਰਾ ਕੀਤਾ ਅਤੇ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ। ਦੱਸਣਯੋਗ ਹੈ ਕਿ ਪੱਖੋਵਾਲ ਰੋਡ ’ਤੇ ਰੇਲ ਓਵਰਬ੍ਰਿਜ (ਆਰ.ਓ.ਬੀ.) ਅਤੇ ਦੋ ਰੇਲ ਅੰਡਰਬ੍ਰਿਜ (ਆਰ.ਯੂ.ਬੀ.) ਦੀ ਉਸਾਰੀ ਸ਼ਹਿਰ ਵਾਸੀਆਂ ਦੀ ਚਿਰੋਕਣੀ ਮੰਗ ਰਹੀ ਹੈ। ਇਹ ਦੋਵੇਂ 120 ਕਰੋੜ ਰੁਪਏ ਦੀ ਲਾਗਤ ਵਾਲੇ ਸਾਂਝੇ ਪ੍ਰਾਜੈਕਟ ਸ਼ਹਿਰ ਵਾਸੀਆਂ ਨੂੰ ਲੰਬੇ ਟਰੈਫ਼ਿਕ ਜਾਮ ਤੋਂ ਛੁਟਕਾਰਾ ਦਿਵਾਉਣਗੇ।
ਇਸ ਦੌਰਾਨ ਸ੍ਰੀ ਆਸ਼ੂ ਨੇ ਦੱਸਿਆ ਕਿ ਆਰ.ਓ.ਬੀ. ਦੀ ਲੰਬਾਈ 839.83 ਮੀਟਰ ਹੋਵੇਗੀ ਅਤੇ ਇਹ ਸਿੱਧਵਾਂ ਨਹਿਰ ਵਾਲੇ ਪਾਸਿਓਂ ਤੋਂ ਹੀਰੋ ਬੇਕਰੀ ਸਾਈਡ ਵੱਲ, ਮੌਜੂਦਾ ਰੇਲਵੇ ਟਰੈਕ ਉਪਰ ਪੱਖੋਵਾਲ ਰੋਡ ਦੇ ਨਾਲ, ਆਰ.ਯੂ.ਬੀ.ਇੱਕ ਦੀ ਲੰਬਾਈ 458.20 ਮੀਟਰ (ਹੀਰੋ ਬੇਕਰੀ ਤੋਂ ਸਿੱਧਵਾਂ ਨਹਿਰ ਵਾਲੇ ਪਾਸੇ, ਮੌਜੂਦਾ ਰੇਲਵੇ ਟਰੈਕ ਦੇ ਅਧੀਨ ਪੱਖੋਵਾਲ ਰੋਡ ਦੇ ਨਾਲ), ਜਦੋਂ ਕਿ ਆਰ.ਯੂ.ਬੀ. ਦੋ ਦੀ ਲੰਬਾਈ 1018.46 ਮੀਟਰ (ਇਸ਼ਮੀਤ ਰੋਡ ਤੋਂ ਰੋਟਰੀ ਕਲੱਬ ਰੋਡ ਅਤੇ ਫਿਰੋਜ਼ਪੁਰ ਰੋਡ ਅਤੇ ਇਸ਼ਮੀਤ ਰੋਡ ਤੋਂ ਪੱਖੋਵਾਲ ਰੋਡ ਵੱਲ) ਦੀ ਹੋਵੇਗੀ।
ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਇਕ ਮੁੱਖ ਵਾਅਦਾ ਸੀ ਜੋ ਉਨ੍ਹਾਂ ਲੁਧਿਆਣਾ (ਪੱਛਮੀ) ਹਲਕੇ ਦੇ ਵਸਨੀਕਾਂ ਨਾਲ ਕੀਤਾ ਸੀ ਅਤੇ ਇਸੇ ਕਰਕੇ ਉਹ ਵਿਅਕਤੀਗਤ ਤੌਰ ’ਤੇ ਇਸ ਦੀ ਦੇਖ-ਰੇਖ ਕਰ ਰਹੇ ਹਨ। ਸ੍ਰੀ ਆਸ਼ੂ ਵੱਲੋਂ ਨਗਰ ਨਿਗਮ ਕਮਿਸ਼ਨਰ ਨੂੰ ਜਲਦ ਤੋਂ ਜਲਦ ਰੇਲਵੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਦੇ ਨਿਰਦੇਸ਼ ਵੀ ਦਿੱਤੇੇ।