ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਮਈ
ਪੀਏਯੂ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਨੇ ਬਾਗਬਾਨੀ ਫ਼ਸਲਾਂ ਵਿੱਚ ਪਾਣੀ ਦੀ ਢੁੱਕਵੀਂ ਵਰਤੋਂ ਬਾਰੇ ਆਨਲਾਈਨ ਸਿਖਲਾਈ ਕੋਰਸ ਲਾਇਆ। ਇਸ ਕੋਰਸ ਵਿੱਚ ਖੇਤੀਬਾੜੀ, ਬਾਗਬਾਨੀ ਅਤੇ ਭੂਮੀ ਸੰਭਾਲ ਵਿਭਾਗਾਂ ਤੋਂ ਬਿਨਾਂ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਮਾਹਿਰਾਂ ਸਮੇਤ 18 ਵਿਗਿਆਨੀ ਸ਼ਾਮਲ ਹੋਏ। ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਕਿਰਨਜੋਤ ਸਿੱਧੂ ਨੇ ਕਿਹਾ ਕਿ ਵਸੋਂ ਦੇ ਵਾਧੇ ਤੇ ਮੌਸਮ ਦੀ ਤਬਦੀਲੀ ਨੇ ਪਾਣੀ ਦੇ ਸਰੋਤਾਂ ਉੱਪਰ ਦਬਾਅ ਵਧਾਇਆ ਹੈ। ਕੋਰਸ ਦੇ ਕੁਆਰਡੀਨੇਟਰ ਡਾ. ਕਿਰਨ ਗਰੋਵਰ ਨੇ ਕਿਹਾ ਕਿ ਪਾਣੀ ਦੀ ਢੁੱਕਵੀਂ ਵਿਉਂਤਬੰਦੀ ਨਾ ਸਿਰਫ ਪਾਣੀ ਦੀ ਬੱਚਤ ਦੇ ਪੱਖ ਤੋਂ ਜ਼ਰੂਰੀ ਹੈ ਬਲਕਿ ਇਸ ਨਾਲ ਫ਼ਸਲਾਂ ਵਿੱਚ ਪੋਸ਼ਕ ਤੱਤਾਂ ਦੀ ਸਹੀ ਸੰਭਾਲ ਵੀ ਹੋ ਸਕਦੀ ਹੈ। ਕੋਰਸ ਦੇ ਤਕਨੀਕੀ ਕੁਆਡੀਨੇਟਰ ਡਾ. ਜਸਵਿੰਦਰ ਸਿੰਘ ਬਰਾੜ ਨੇ ਬਾਗਾਂ ਦੀ ਸਾਂਭ-ਸੰਭਾਲ ਦੇ ਨੁਕਤੇ ਸਿਖਿਆਰਥੀਆਂ ਨਾਲ ਸਾਂਝੇ ਕੀਤੇ ਅਤੇ ਗਰਮੀਆਂ ਵਿੱਚ ਬਾਗਬਾਨੀ ਫਸਲਾਂ ਦੀ ਸਾਂਭ-ਸੰਭਾਲ ਲਈ ਜਾਣਕਾਰੀ ਮੁਹੱਈਆ ਕਰਵਾਈ। ਡਾ. ਰਾਕੇਸ਼ ਸ਼ਾਰਦਾ ਨੇ ਤੁਪਕਾ ਸਿੰਚਾਈ ਪ੍ਰਣਾਲੀ ਦੇ ਕਿਫਾਇਤੀ ਪੱਖਾਂ ਬਾਰੇ ਗੱਲ ਕੀਤੀ। ਉਨ੍ਹਾਂ ਤੁਪਕਾ ਸਿੰਜਾਈ ਰਾਹੀਂ ਬਾਗਬਾਨੀ ਫਸਲਾਂ ਦੀ ਖਾਦ ਸਿੰਜਾਈ ਬਾਰੇ ਦੱਸਿਆ। ਸਬਜ਼ੀ ਵਿਗਿਆਨੀ ਡਾ. ਅਭਿਸ਼ੇਕ ਸ਼ਰਮਾ ਨੇ ਵੀ ਪਾਣੀ ਦੀ ਢੁੱਕਵੀਂ ਵਰਤੋਂ ਰਾਹੀਂ ਬਿਮਾਰੀਆਂ ਦੀ ਰੋਕਥਾਮ ਬਾਰੇ ਦੱਸਿਆ।
ਪ੍ਰਕਾਸ਼ਨ ਕਮੇਟੀ ਵੱਲੋਂ ਆਨਲਾਈਨ ਮੀਟਿੰਗ
ਪੀਏਯੂ ਦੇ ਸੰਚਾਰ ਕੇਂਦਰ ਵੱਲੋਂ ਅੱਜ ਪ੍ਰਕਾਸ਼ਨ ਕਮੇਟੀ ਦੀ ਆਨਲਾਈਨ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕੀਤੀ। ਡਾ. ਢਿੱਲੋਂ ਨੇ ਯੂਨੀਵਰਸਿਟੀ ਵੱਲੋਂ ਸਬੰਧਤ ਵਿਸ਼ਿਆਂ ਦੀਆਂ ਪ੍ਰਕਾਸ਼ਨਾਵਾਂ ਕਿਸਾਨਾਂ ਤੱਕ ਪਹੁੰਚਾਉਣ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਕਿਹਾ ਕਿ ਲਾਹੇਵੰਦ ਖੇਤੀ ਲਈ ਕਿਸਾਨਾਂ ਦੀ ਲੋੜ ਮੁਤਾਬਕ ਛਾਪਿਆ ਜਾਂਦਾ ਸਾਹਿਤ ਕਿਸਾਨਾਂ ਤੱਕ ਪਹੁੰਚਾਉਣ ਦੇ ਸਾਰੇ ਸੰਭਵ ਯਤਨ ਕੀਤੇ ਜਾਣਗੇ। ਇਸ ਮੀਟਿੰਗ ਦੌਰਾਨ ਪਿਛਲੀ ਮੀਟਿੰਗ ਵਿੱਚ ਪ੍ਰਵਾਨ ਹੋਏ ਏਜੰਡੇ ਦੀ ਕਾਰਵਾਈ ਰਿਪੋਰਟ ਪੇਸ਼ ਹੋਈ।
ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਸਬੰਧੀ ਭਾਸ਼ਣ ਲੜੀ
ਪੀਏਯੂ ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਣ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਮੁਕਾਬਲਾ ਪ੍ਰੀਖਿਆਵਾਂ ਲਈ ਤਿਆਰ ਕਰਨ ਲਈ ਆਨਲਾਈਨ ਭਾਸ਼ਣ ਲੜੀ ਕਰਵਾਈ ਗਈ। ਇਸ ਭਾਸ਼ਣ ਲੜੀ ਰਾਹੀਂ ਵਿਦਿਆਰਥੀਆਂ ਨੂੰ ਜੂਨੀਅਰ ਖੋਜ ਫੈਲੋਸ਼ਿਪ, ਸੀਨੀਅਰ ਖੋਜ ਫੈਲੋਸ਼ਿਪ, ਨੈੱਟ ਆਦਿ ਪ੍ਰੀਖਿਆਵਾਂ ਨਾਲ ਸਬੰਧਤ ਸਿਖਲਾਈ ਦਿੱਤੀ ਗਈ। ਇਸ ਵਿੱਚ ਚੌਧਰੀ ਚਰਨ ਸਿੰਘ ਹਰਿਆਣਾ ਖੇਤੀ ਯੂਨੀਵਰਸਿਟੀ ਹਿਸਾਰ ਦੇ ਰਿਟਾਇਰ ਪ੍ਰੋਫੈ਼ਸਰ ਡਾ. ਸ਼ਸ਼ੀ ਕੇ ਵਰਮਾ ਅਤੇ ਗੁਜਰਾਤ ਤੋਂ ਸਹਾੲਕਿ ਪ੍ਰੋਫੈ਼ਸਰ ਡਾ. ਸਿੰਪਲ ਜੈਨ ਮੁੱਖ ਬੁਲਾਰਿਆ ਵਜੋਂ ਸ਼ਾਮਲ ਹੋਏ। 100 ਦੇ ਕਰੀਬ ਵਿਦਿਆਰਥੀਆਂ ਨੇ ਗੂਗਲ ਮੀਟ ਰਾਹੀਂ ਇਸ ਭਾਸ਼ਣ ਨੂੰ ਸੁਣਿਆ।