ਪੱਤਰ ਪ੍ਰੇਰਕ
ਜਗਰਾਉਂ, 4 ਮਈ
ਪਿੰਡ ਨਵਾਂ ਡੱਲਾ ਵਿੱਚ ਵਿਆਹੁਣ ਢੁੱਕੀ ਬਰਾਤ ’ਚ ਸਮੇਤ ਲਾੜਾ ਪੰਜ ਬਰਾਤੀ ਸਨ। ਇਸ ਵਿਆਹ ’ਚ ਸਾਦੇ ਰੀਤੀ ਰਿਵਾਜ਼ਾਂ ਨਾਲ ਖੁਸ਼ੀ-ਖੁਸ਼ੀ ਪਰਿਵਾਰ ਨੇ ਰਸਮਾਂ ਨਿਭਾਈਆਂ। ਜਾਣਕਾਰੀ ਮੁਤਾਬਕ ਪਿੰਡ ਦੇ ਮਨਜੀਤ ਸਿੰਘ ਦੀ ਪੁੱਤਰੀ ਜਸਪ੍ਰੀਤ ਕੌਰ ਦਾ ਵਿਆਹ ਦਲਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਦਾਇਆ ਕਲਾਂ (ਮੋਗਾ) ਦੇ ਨਾਲ ਤੈਅ ਹੋਇਆ ਸੀ। ਲੌਕਡਾਊਨ ਦੇ ਨਿਯਮਾਂ ਦੀ ਪਾਲਣਾ ਅਤੇ ਸਿੱਖ ਰਹੁਰੀਤਾਂ ਨਾਲ ਸੁਭਾਗੀ ਜੋੜੀ ਦੇ ਆਨੰਦ ਕਾਰਜ ਗੁਰੂ ਘਰ ਵਿੱਚ ਹੋਏ। ਮਿਲਣੀ ਸਮੇਂ ਵੀ ਗੁਰ ਫਤਿਹ ਦੀ ਸਾਂਝ ਹੀ ਪਾਈ ਗਈ।
ਇਸ ਮੌਕੇ ਵਿਆਹੀ ਜੋੜੀ ਜਸਪ੍ਰੀਤ ਕੌਰ ਅਤੇ ਦਲਜੀਤ ਸਿੰਘ ਨੇ ਇਨ੍ਹਾਂ ਖੁਸ਼ੀ ਭਰੇ ਪਲਾਂ ਸਮੇਂ ਆਖਿਆ ਕਿ ਜੇਕਰ ਪੰਜਾਬ ਦੇ ਲੋਕ ਇਸ ਤਰ੍ਹਾਂ ਸਾਦੇ ਵਿਆਹ ਕਰਨ ਲੱਗ ਪੈਣ ਤਾਂ ਅਸੀਂ ਖੁਸ਼ਹਾਲ ਹੋ ਜਾਂਵਾਗੇ। ਦੁਪਹਿਰ ਤੋਂ ਪਹਿਲਾਂ ਹੀ 11 ਵਜੇ ਡੋਲੀ ਦੀ ਵਿਦਾਈ ਕੀਤੀ ਗਈ।
ਇਸ ਮੌਕੇ ਜੋੜੀ ਨੂੰ ਅਸ਼ੀਰਵਾਦ ਦੇਣ ਵਾਲਿਆਂ ’ਚ ਸਰਪੰਚ ਗੁਰਦੀਪ ਸਿੰਘ, ਪ੍ਰਧਾਨ ਹਾਕਮ ਸਿੰਘ, ਪ੍ਰਧਾਨ ਨਿਰਮਲ ਸਿੰਘ ਡੱਲਾ, ਕਾਮਰੇਡ ਹਾਕਮ ਸਿੰਘ ਅਤੇ ਬੀਬੀ ਮਨਜੀਤ ਕੌਰ ਸ਼ਾਮਲ ਸਨ।