ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 1 ਨਵੰਬਰ
ਕੌਮੀ ਜਾਂਚ ਏਜੰਸੀ ਦੇ ਸਾਰੇ ਸੂਬਿਆਂ ਵਿੱਚ ਦਫ਼ਤਰ ਖੋਲ੍ਹਣ ਅਤੇ ਦੇਸ਼ ਵਿਚ ਸਾਰੀ ਪੁਲੀਸ ਦੀ ਇਕੋ ਜਿਹੀ ਵਰਦੀ ਕਰਨ ਦੇ ਮੋਦੀ ਹਕੂਮਤ ਦੇ ਬਿਆਨਾਂ ਨੂੰ ਇਨਕਲਾਬੀ ਕੇਂਦਰ ਪੰਜਾਬ ਨੇ ਫਾਸ਼ੀਵਾਦ ਵੱਲ ਅਗਲਾ ਕਦਮ ਦੱਸਿਆ ਹੈ।
ਜਥੇਬੰਦੀ ਦੇ ਕਾਰਕੁਨਾਂ ਦੀ ਅੱਜ ਸਥਾਨਕ ਨਛੱਤਰ ਸਿੰਘ ਧਾਲੀਵਾਲ ਯਾਦਗਾਰ ਹਾਲ ਵਿਚ ਜਨਰਲ ਸਕੱਤਰ ਕੰਵਲਜੀਤ ਖੰਨਾ ਦੀ ਪ੍ਰਧਾਨਗੀ ਹੇਠ ਇਕੱਤਰਤਾ ਹੋਈ। ਇਸ ਸਮੇਂ ਹਾਜ਼ਰ ਸਮੂਹ ਵਰਕਰਾਂ ਨੇ ਬੀਤੇ ਦਿਨੀਂ ਵੱਖ-ਵੱਖ ਰਾਜਾਂ ਦੇ ਗ੍ਰਹਿ ਮੰਤਰੀਆਂ ਦੀ ਮੀਟਿੰਗ ਵਿੱਚ ਕੌਮੀ ਜਾਂਚ ਏਜੰਸੀ (ਐੱਨਆਈਏ) ਦੇ ਦਫ਼ਤਰ ਸਾਰੇ ਰਾਜਾਂ ਵਿੱਚ ਖੋਲ੍ਹਣ ਤੋਂ ਇਲਾਵਾ ਦੇਸ਼ ਭਰ ਵਿੱਚ ਪੁਲੀਸ ਦੀ ਇੱਕੋ ਵਰਦੀ ਕਰਨ ਦੇ ਮੋਦੀ ਹਕੂਮਤ ਦੇ ਬਿਆਨਾਂ ਨੂੰ ਫਾਸ਼ੀਵਾਦ ਵੱਲ ਅਗਲਾ ਕਦਮ ਕਰਾਰ ਦਿੱਤਾ। ਮੀਟਿੰਗ ਵਿਚ ਮੋਦੀ ਹਕੂਮਤ ਦੇ ਇਕ ਰਾਸ਼ਟਰ ਇਕ ਸਿਧਾਂਤ ਦੀ ਕਰੜੀ ਨਿਖੇਧੀ ਕਰਦਿਆਂ ਕਿਹਾ ਗਿਆ ਕਿ ਪੂਰੇ ਮੁਲਕ ਵਿੱਚ ਸੂਬਿਆਂ ਦੇ ਅਧਿਕਾਰ ਖ਼ਤਮ ਕਰ ਕੇ ਤਾਨਾਸ਼ਾਹ ਹਿੰਦੂ ਰਾਜ ਉਸਾਰਨ ਦੇ ਭਾਜਪਾ ਅਤੇ ਸੰਘ ਪਰਿਵਾਰ ਦੇ ਫੈਡਰਲ ਢਾਂਚਾ ਅਤੇ ਜਮਹੂਰੀਅਤ ਵਿਰੋਧੀ ਕਦਮਾਂ ਦਾ ਟਾਕਰਾ ਲੋਕਪੱਖੀ ਤਾਕਤਾਂ ਨੂੰ ਰਲ ਕੇ ਕਰਨਾ ਪਵੇਗਾ।
ਆਗੂਆਂ ਨੇ ਕਿਹਾ ਕਿ ਸੰਸਾਰ ਭਰ ਵਿੱਚ ਵਧ ਰਹੀ ਮਹਿੰਗਾਈ ਅਤੇ ਡਿੱਗ ਰਿਹਾ ਅਰਥਚਾਰਾ ਲੋਕਾਂ ਤੋਂ ਉਨ੍ਹਾਂ ਦੀਆਂ ਬੁਨਿਆਦੀ ਜ਼ਰੂਰਤਾਂ ਵੀ ਖੋਹ ਰਹੇ ਹਨ। ਇਨਕਲਾਬੀ ਕੇਂਦਰ ਪੰਜਾਬ ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਅਗਵਾਈ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਪਿੰਡ ਸਰਾਭਾ ਵਿਚ ਵਿਸ਼ਾਲ ਪੱਧਰ ‘ਤੇ ਮਨਾਏਗੀ। ਇਸ ਸਮੇਂ ਪਿੰਡਾਂ ਵਿੱਚ ਲੋਕਾਂ ਨੂੰ ਗ਼ਦਰ ਲਹਿਰ ਦੇ ਇਤਿਹਾਸ ਨਾਲ ਅਤੇ ਦੇਸ਼ ਦੁਨੀਆਂ ਦੇ ਹਾਲਾਤ ਨਾਲ ਜੋੜਨ ਲਈ ਮੀਟਿੰਗਾਂ ਰੈਲੀਆਂ ਦੀ ਲੜੀ ਚਲਾਈ ਜਾਵੇਗੀ।
ਇਸ ਸਮੇਂ ਪੰਜ ਮੈਂਬਰੀ ਇਲਾਕਾ ਕਮੇਟੀ ਦੀ ਚੋਣ ਕੀਤੀ ਗਈ। ਇਸ ਵਿੱਚ ਧਰਮ ਸਿੰਘ ਸੂਜਾਪੁਰ ਨੂੰ ਇਲਾਕਾ ਪ੍ਰਧਾਨ, ਜਸਬੀਰ ਸਿੰਘ ਅਕਾਲਗੜ੍ਹ ਨੂੰ ਸਕੱਤਰ, ਬਲਦੇਵ ਸਿੰਘ ਫੌਜੀ ਨੂੰ ਖਜ਼ਾਨਚੀ ਸਣੇ ਦੇਸ ਰਾਜ ਕਮਾਲਪੁਰਾ ਅਤੇ ਮਦਨ ਸਿੰਘ ਨੂੰ ਮੈਂਬਰ ਚੁਣਿਆ ਗਿਆ। ਮੀਟਿੰਗ ਵਿੱਚ ਰਜਿੰਦਰ ਸਿੰਘ ਲੁਧਿਆਣਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਜਿਸ ਇਨਕਲਾਬ ਦੀ ਗੱਲ ਕੀਤੀ ਸੀ, ਉਸ ਲਈ ਬਾਕਾਇਦਾ ਇਕ ਸੰਘਰਸ਼ਸ਼ੀਲ ਇਨਕਲਾਬੀ ਜਥੇਬੰਦੀ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਭਾਜਪਾ ਦੇ ਫਾਸ਼ੀ ਕਦਮਾਂ ਅਤੇ ਤਿੱਖੀ ਹੋ ਰਹੀ ਕਾਰਪੋਰੇਟੀ ਲੁੱਟ ਖ਼ਿਲਾਫ਼ ਟਾਕਰੇ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ।